ਬਿਨਾਂ ਵੈਂਟੀਲੇਟਰ ਵੇਚੇ ਇਕ ਇੰਜੀਨੀਅਰ ਨੇ ਅਮਰੀਕਾ ਨੂੰ ਇੰਝ ਦਿੱਤਾ ਧੋਖਾ

Sunday, May 10, 2020 - 01:32 AM (IST)

ਬਿਨਾਂ ਵੈਂਟੀਲੇਟਰ ਵੇਚੇ ਇਕ ਇੰਜੀਨੀਅਰ ਨੇ ਅਮਰੀਕਾ ਨੂੰ ਇੰਝ ਦਿੱਤਾ ਧੋਖਾ

ਨਿਊਯਾਰਕ (ਏਜੰਸੀ)-ਕੋਰੋਨਾ ਮਹਾਂਮਾਰੀ ਦੀ ਆਫਤ ਵਿਚਾਲੇ ਮੁਨਾਫਾ ਕਮਾਉਣ ਲਈ ਠੱਗੀ ਦੇ ਵੱਖਰੇ ਕਾਰਨਾਮੇ ਵੀ ਸਾਹਮਣੇ ਆਉਣ ਲੱਗੇ ਹਨ। ਨਿਊਯਾਰਕ ਵਿਚ ਪ੍ਰਸ਼ਾਸਨ ਦੇ ਪੱਧਰ 'ਤੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪ੍ਰਸ਼ਾਸਨ ਨੇ ਸਿਲੀਕਾਨ ਵੈਲੀ ਦੇ ਇਕ ਅਜਿਹੇ ਇੰਜੀਨੀਅਰ ਨੂੰ ਕਰੋੜਾਂ ਦੇ ਵੈਂਟੀਲੇਟਰ ਦਾ ਆਰਡਰ ਦੇ ਦਿੱਤਾ, ਜਿਸ ਨੇ ਕਦੇ ਇਕ ਵੀ ਵੈਂਟੀਲੇਟਰ ਨਹੀਂ ਵੇਚਿਆ ਸੀ। ਹਾਲਾਂਕਿ ਬਾਅਦ ਵਿਚ ਜਦੋਂ ਅਧਿਕਾਰੀਆਂ ਨੇ ਇਸ ਦੀ ਪੜਤਾਲ ਕੀਤੀ ਤਾਂ ਭੇਦ ਖੁੱਲ ਗਿਆ। ਦਰਅਸਲ ਇਥੋਂ ਦੇ ਇਕ ਇੰਜੀਨੀਅਰ ਯਾਰੋਨ ਓਰੇਨ ਪਾਇੰਸ ਨੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਕਿਹਾ ਕਿ ਇਹ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿਚ ਮਦਦ ਲਈ ਚੀਨ ਦੇ ਰਸਤੇ ਹਸਪਤਾਲਾਂ ਨੂੰ ਹਜ਼ਾਰਾਂ ਵੈਂਟੀਲੇਟਰ ਦੀ ਸਪਲਾਈ ਕਰ ਸਕਦਾ ਹੈ। ਏਜੰਸੀ ਨੇ ਇੰਜੀਨੀਅਰ ਤੋਂ ਵਿਸਥਾਰਤ ਜਾਣਕਾਰੀ ਦੇਣ ਨੂੰ ਕਿਹਾ। 12 ਘੰਟੇ ਦੇ ਅੰਦਰ ਉਸ ਨੇ 28 ਪੰਨੇ ਦਾ ਇਕ ਡਿਜੀਟਲ ਕੈਟਲਾਗ ਬਣਾਕੇ ਏਜੰਸੀ ਨੂੰ ਭੇਜ ਦਿੱਤਾ।

ਯਾਰੋਨ ਓਰੇਨ ਪਾਇੰਸ ਨੇ ਵੈਂਟੀਲੇਟਰ ਦੇ ਨਾਲ-ਨਾਲ ਮਾਸਕ ਅਤੇ ਹੋਰ ਵਸਤਾਂ ਦੀ ਸਪਲਾਈ ਦੀ ਵੀ ਗੱਲ ਕਹੀ। ਕੈਟਲਾਗ ਵਿਚ ਉਸ ਨੇ ਇਹ ਸ਼ਰਤ ਵੀ ਰੱਖੀ ਕਿ ਕੋਟੇਸ਼ਨ ਦੇ ਚਾਰ ਘੰਟੇ ਅੰਦਰ ਹੀ ਇੱਛੁਕ ਖਰੀਦਦਾਰ ਨੂੰ ਕਾਨਟ੍ਰੈਕਟ ਸਾਈਨ ਕਰਨਾ ਹੋਵੇਗਾ ਅਤੇ ਆਰਡਰ ਦਾ ਪੂਰਾ ਪੈਸਾ ਪਹਿਲਾਂ ਚੁਕਾਉਣਾ ਹੋਵੇਗਾ। ਇਸ ਵਿਚ ਕੋਈ ਮੋਲਭਾਵ ਨਹੀਂ ਹੋ ਸਕੇਗਾ। ਫੈਡਰਲ ਅਧਿਕਾਰੀਆਂ ਨੇ ਵੈਂਡਰ ਦੀ ਜਾਣਕਾਰੀ ਨਿਊਯਾਰਕ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਇੰਜੀਨੀਅਰ ਓਰੇਨ ਪਾਇੰਸ ਨੂੰ 8.6 ਕਰੋੜ ਡਾਲਰ (ਤਕਰੀਬਨ 650 ਕਰੋੜ ਰੁਪਏ) ਦਾ 1450 ਵੈਂਟੀਲੇਟਰ ਦਾ ਆਰਡਰ ਮਿਲ ਗਿਆ। ਅਮਰੀਕਾ ਵਿਚ ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਤੋਂ ਇਹ ਸਭ ਤੋਂ ਵੱਡੇ ਕਾਨਟ੍ਰੈਕਟ ਵਿਚੋਂ ਸੀ।

ਸੌਦੇ ਦੇ ਕੁਝ ਹੀ ਦਿਨ ਦੇ ਅੰਦਰ ਇਕ ਬੈਂਕ ਨੇ ਪ੍ਰਸ਼ਾਸਨ ਵਲੋਂ ਓਰੇਨ ਨੂੰ ਭੇਜਿਆ ਗਿਆ ਫੰਡ ਰੋਕ ਦਿੱਤਾ। ਬੈਂਕ ਨੂੰ ਓਰੇਨ ਪਾਇੰਸ ਦੇ ਖਾਤੇ ਤੋਂ ਹੋਇਆ ਇਕ ਲੈਣ-ਦੇਣ ਸ਼ੱਕੀ ਮਿਲਿਆ ਸੀ। ਇਸ ਤੋਂ ਬਾਅਦ ਓਰੇਨ ਪਾਇੰਸ ਅਤੇ ਉਸ ਦੇ ਸਹਿਯੋਗੀਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਪਲਾਈ ਵਿਚ ਕੁਝ ਦਿੱਕਤਾਂ ਦੇ ਚੱਲਦੇ ਵੈਂਟੀਲੇਟਰ ਦੀ ਸਪਲਾਈ ਇਜ਼ਰਾਇਲ ਦੇ ਰਸਤੇ ਕੀਤੀ ਜਾਵੇਗੀ, ਉਥੇ ਉਨ੍ਹਾਂ ਦੇ ਕੁਝ ਜਾਣਕਾਰ ਹਨ। ਫਿਰ ਓਰੇਨ ਪਾਇੰਸ ਅਤੇ ਉਸ ਦੇ ਸਹਿਯੋਗੀਆਂ ਨੇ ਪ੍ਰਸ਼ਾਸਨ 'ਤੇ ਕਾਨਟ੍ਰੈਕਟ ਦੀ ਉਲੰਘਣਾ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ।

ਘਟਨਾਕ੍ਰਮ ਨੂੰ ਦੇਖਦੇ ਹੋਏ ਸੂਬੇ ਦੇ ਅਧਿਕਾਰੀਆਂ ਨੇ ਚੀਨ ਵਿਚ ਉਸ ਸਟਾਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਗੱਲ ਇੰਜੀਨੀਅਰ ਨੇ ਕੀਤੀ ਸੀ। ਅਧਿਕਾਰੀਆਂ ਨੂੰ ਅਜਿਹੇ ਕਿਸੇ ਸਟਾਕ ਦਾ ਪਤਾ ਨਹੀਂ ਲੱਗ ਸਕਿਆ ਅਤੇ ਕਾਨਟ੍ਰੈਕਟ ਰੱਦ ਕਰ ਦਿੱਤਾ ਗਿਆ। ਗਵਰਨਰ ਐਂਡ੍ਰਿਊ ਕੁਓਮੋ ਦੇ ਦਫਤਰ ਨੇ ਦੱਸਿਆ ਕਿ ਸੌਦਾ ਇਸ ਲਈ ਰੱਦ ਕੀਤਾ ਗਿਆ ਕਿਉਂਕਿ ਮਹਾਂਮਾਰੀ ਕਾਰਨ ਲੋਕਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਦਰ ਅੰਦਾਜ਼ੇ ਤੋਂ ਮੱਧਮ ਰਹੀ ਅਤੇ ਵੈਂਟੀਲੇਟਰ ਦੀ ਜ਼ਰੂਰਤ ਘੱਟ ਹੋ ਗਈ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਨੇ ਇਹ ਸਵਾਲ ਜ਼ਰੂਰ ਪੈਦਾ ਕਰ ਦਿੱਤਾ ਹੈ ਕਿ ਮਹਾਂਮਾਰੀ ਕਾਰਨ ਬਣੇ ਹਾਲਾਤਾਂ ਵਿਚ ਕਿਸੇ ਤਰ੍ਹਾਂ ਨਾਲ ਕਰਦਾਤਾਵਾਂ ਦੇ ਕਰੋੜਾਂ ਰੁਪਏ ਦਾਅ 'ਤੇ ਲੱਗ ਗਏ ਸਨ।


author

Sunny Mehra

Content Editor

Related News