ਇਹ ਦੇਸ਼ ਸ਼ੁਰੂ ਕਰ ਰਿਹੈ ''ਵੀਜ਼ਾ ਆਨ ਅਰਾਈਵਲ'' ਪ੍ਰੋਗਰਾਮ, 39 ਦੇਸ਼ਾਂ ਨੂੰ ਦਿੱਤੀ ਛੋਟ

Wednesday, Jul 10, 2019 - 08:07 PM (IST)

ਇਹ ਦੇਸ਼ ਸ਼ੁਰੂ ਕਰ ਰਿਹੈ ''ਵੀਜ਼ਾ ਆਨ ਅਰਾਈਵਲ'' ਪ੍ਰੋਗਰਾਮ, 39 ਦੇਸ਼ਾਂ ਨੂੰ ਦਿੱਤੀ ਛੋਟ

ਕੋਲੰਬੋ— ਸ਼੍ਰੀਲੰਕਾ ਸਰਕਾਰ ਦੀ ਯੋਜਨਾ 'ਵੀਜ਼ਾ ਆਨ ਅਰਾਈਵਲ' ਤੇ 'ਮੁਫਤ ਵੀਜ਼ਾ' ਪ੍ਰੋਗਰਾਮ ਇਕ ਅਗਸਤ ਤੋਂ 39 ਦੇਸ਼ਾਂ ਲਈ ਬਹਾਲ ਕਰਨ ਦੀ ਹੈ। ਇਸ ਸਾਲ ਈਸਟਰ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਇਨ੍ਹਾਂ ਪ੍ਰੋਗਰਾਮਾਂ ਨੂੰ ਟਾਲ ਦਿੱਤਾ ਗਿਆ ਸੀ। ਹਾਲਾਂਕਿ ਮੀਡੀਆ 'ਚ ਆਈ ਖਬਰ ਮੁਤਾਬਕ ਭਾਰਤ ਤੇ ਚੀਨ ਨੂੰ ਇਨ੍ਹਾਂ ਦੇਸ਼ਾਂ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੇ 21 ਅਪ੍ਰੈਲ ਨੂੰ ਹੋਏ ਆਤਮਘਾਤੀ ਹਮਲੇ ਤੋਂ ਬਾਅਦ 39 ਦੇਸ਼ਾਂ ਦੇ ਨਾਗਰਿਕਾਂ ਨੂੰ 'ਵੀਜ਼ਾ ਆਨ ਅਰਾਈਵਲ' ਦੇਣ ਦੀ ਆਪਣੀ ਯੋਜਨਾ 25 ਅਪ੍ਰੈਲ ਨੂੰ ਟਾਲ ਦਿੱਤੀ ਸੀ। ਇਨ੍ਹਾਂ ਧਮਾਕਿਆਂ 'ਚ 258 ਲੋਕਾਂ ਦੀ ਮੌਤ ਹੋ ਗਈ ਸੀ। 'ਵੀਜ਼ਾ ਆਨ ਅਰਾਈਵਲ' ਪ੍ਰੋਗਰਾਮ ਮਈ ਤੋਂ ਅਕਤੂਬਰ ਦੇ ਦੌਰਾਨ ਦੇਸ਼ 'ਚ ਸੈਲਾਨੀਆਂ ਦਾ ਸਵਾਗਤ ਕਰਨ ਦੀ ਕਵਾਇਦ ਦਾ ਹਿੱਸਾ ਹੈ। ਅਸਲ 'ਚ ਇਸ ਮਿਆਦ 'ਚ ਸੈਲਾਨੀਆਂ ਦਾ ਦੇਸ਼ 'ਚ ਆਉਣਾ ਘੱਟ ਰਹਿੰਦਾ ਹੈ। ਡੇਲੀ ਮਿਰਰ ਦੀ ਖਬਰ ਮੁਤਾਬਕ ਸੈਲਾਨੀ ਵਿਕਾਸ ਮੰਤਰੀ ਜਾਨ ਅਮਰਤੁੰਗਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਮੀਗ੍ਰੇਸ਼ਨ ਤੇ ਟ੍ਰੈਵਲ ਵਿਭਾਗ ਦੇ ਨਾਲ ਸੰਯੁਕਤ ਰੂਪ ਨਾਲ ਇਕ ਪ੍ਰਸਤਾਵ 'ਤੇ ਕੰਮ ਕਰ ਰਿਹਾ ਹੈ, ਜਿਸ ਦਾ ਟੀਚਾ ਮੁਫਤ ਵੀਜ਼ਾ ਤੇ ਇਮੀਗ੍ਰੇਸ਼ਨ 'ਤੇ ਵੀਜ਼ਾ ਪ੍ਰੋਗਰਾਮ ਨੂੰ ਬਹਾਲ ਕਰਨ ਦੇ ਲਈ ਕੈਬਨਿਟ ਦੀ ਮਨਜ਼ੂਰੀ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਪ੍ਰੋਗਰਾਮ 6 ਮਹੀਨੇ ਦੇ ਲਈ ਪ੍ਰੀਖਣ ਦੇ ਆਧਾਰ 'ਤੇ ਲਾਗੂ ਕੀਤਾ ਜਾਵੇਗਾ।

ਹਾਲਾਂਕਿ ਇਸ 'ਚ ਭਾਰਤ ਤੇ ਚੀਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਣ ਦੀ ਸਫਲਤਾ ਤੋਂ ਬਾਅਦ ਭਵਿੱਖ 'ਚ ਇਸ ਨੂੰ ਇਨ੍ਹਾਂ ਦੋਵਾਂ ਦੇਸ਼ਾਂ ਲਈ ਵੀ ਜਾਰੀ ਕੀਤਾ ਜਾਵੇਗਾ। ਸ਼੍ਰੀਲੰਕਾ 'ਚ 2019 ਦੇ ਪਹਿਲੇ ਤਿੰਨ ਮਹੀਨਿਆਂ 'ਚ 7,40,000 ਸੈਲਾਨੀ ਆਏ। ਪਿਛਲੇ ਸਾਲ 4.5 ਲੱਖ ਭਾਰਤੀਆਂ ਨੇ ਸ਼੍ਰੀਲੰਕਾ ਦੀ ਯਾਤਰਾ ਕੀਤਾ ਸੀ।


author

Baljit Singh

Content Editor

Related News