ਅਗਲੇ ਸਾਲ ਮੁੜ ਆਉਣ ਦੇ ਵਾਅਦੇ ਨਾਲ ਮੁਕੰਮਲ ਹੋਈਆਂ ਤੀਜੀਆਂ ਅਤੇ ਚੌਥੀਆਂ 'ਸਿੱਖ ਗੇਮਸ'
Monday, Nov 28, 2022 - 10:49 AM (IST)
ਆਕਲੈਂਡ (ਹਰਮੀਕ ਸਿੰਘ)- ਅਗਲੇ ਸਾਲ ਮੁੜ ਆਉਣ ਦੇ ਵਾਅਦੇ ਨਾਲ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਸ ਸ਼ਾਨੋ ਸ਼ੌਕਤ ਨਾਲ ਕੱਲ੍ਹ ਮੁਕੰਮਲ ਹੋ ਗਈਆਂ। ਦੋ ਦਿਨ ਚੱਲੇ ਇਸ ਸਾਲ ਦੇ ਸਭ ਤੋ ਵੱਡੇ ਇਵੈਂਟ ਵਿੱਚ ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਖੇਡਾਂ ਅਤੇ ਸੱਭਿਆਚਾਰਕ ਰੰਗ ਮਾਣੇ, ਉਥੇ ਹੀ ਇਸ ਵਰ੍ਹੇ ਦੀਆਂ ਖੇਡਾਂ ਹੋਰ ਨਵੇਂ ਸਿੱਖ ਬੱਚਿਆਂ ਨੂੰ ਇਹਨਾਂ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਿੱਚ ਕਾਮਯਾਬ ਰਹੀਆਂ।
ਖੇਡਾਂ ਦਾ ਆਗਾਜ਼ ਹਿੱਸਾ ਲੈ ਰਹੀਆਂ ਟੀਮਾਂ ਵੱਲੋਂ ਪਰੇਡ ਰਾਹੀਂ ਕੀਤਾ ਗਿਆ। ਉਪਰੰਤ ਨੈਸ਼ਨਲ ਪਾਰਟੀ ਲੀਡਰ ਅਤੇ ਐਮ ਪੀ ਕ੍ਰਿਸ ਲਕਸਨ, ਐਮ ਪੀ ਜੂਡਿਥ ਕੌਲਿਨਜ਼, ਐਮ ਪੀ ਨੀਰੂ ਲਿਵਾਸਾ ਅਤੇ ਔਨਰੇਰੀ ਕੌਸਲੈਂਟ ਆਫ ਇੰਡੀਆ ਸ਼੍ਰੀ ਭਵ ਢਿਲੌ ਵੱਲੋਂ ਸਾਂਝੇ ਤੌਰ 'ਤੇ ਰਿਬਨ ਕੱਟਿਆ ਗਿਆ। ਨਾਲ ਹੀ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਐਮ ਪੀ ਸ਼੍ਰੀ ਕੰਵਲਜੀਤ ਸਿੰਘ ਬਖ਼ਸ਼ੀ ਅਤੇ ਵੱਖ-ਵੱਖ ਕਲੱਬਾਂ ਦੇ ਆਗੂ ਅਤੇ ਸਿੱਖ ਗੇਮਸ ਦੀ ਸਮੂੱਚੀ ਪ੍ਰਬੰਧਕ ਟੀਮ ਵੀ ਹਾਜ਼ਰ ਰਹੀ। ਆਏ ਹੋਏ ਦਰਸ਼ਕਾਂ ਲਈ ਜਿਥੇ ਚਾਹ, ਪਕੌੜੇ ਅਤੇ ਲੰਗਰ ਦੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਸਨ, ਉੱਥੇ ਹੀ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਲਾਏ ਗਏ ਝੂਲੇ ਵੀ ਖਿੱਚ ਦਾ ਕੇਂਦਰ ਰਹੇ।
ਹਾਲਾਂਕਿ ਮੌਸਮ ਦੇ ਬਦਲਦੇ ਮਿਜ਼ਾਜ ਦੇ ਚੱਲਦਿਆਂ ਆਏ ਹੋਏ ਲੋਕਾਂ ਨੂੰ ਕਦੇ ਧੁੱਪ ਕਦੇ ਮੀਂਹ ਅਤੇ ਤੇਜ਼ ਹਵਾਵਾਂ ਦਾ ਵੀ ਸਾਹਮਣਾ ਕਰਨਾ ਕਰਨਾ ਪਿਆ ਪਰ ਖਰਾਬ ਮੌਸਮ ਦੇ ਬਾਵਜੂਦ ਵੀ ਖਿਡਾਰੀਆਂ, ਪਰਫੌਰਮਰਜ਼ ਅਤੇ ਦਰਸ਼ਕਾਂ ਦਾ ਮਨੋਬਲ ਪ੍ਰਬਲ ਰਿਹਾ। ਖੇਡਾਂ ਦੇ ਪਹਿਲੇ ਦਿਨ ਜਿਥੇ ਗਾਇਕ ਹਰਮਿੰਦਰ ਨੂਰਪੁਰੀ, ਦੇਬੀ ਮਖਸੂਸਪੁਰੀ ਅਤੇ ਸਰਬਜੀਤ ਚੀਮਾ ਨੇ ਲੋਕ ਗਾਇਕੀ ਨਾਲ ਲੋਕਾਂ ਨੂੰ ਕੀਲਿਆ, ਉਥੇ ਹੀ ਦੂਸਰੇ ਦਿਨ ਸੱਜਣ ਅਦੀਬ ਅਤੇ ਗੈਰੀ ਸੰਧੂ ਨੂੰ ਲੋਕ ਵਰਦੇ ਮੀਂਹ ‘ਚ ਵੀ ਛੱਤਰੀਆਂ ਲੈ ਕੇ ਸੁਣਦੇ ਰਹੇ ਅਤੇ ਗਾਣਿਆਂ 'ਤੇ ਝੂਮਦੇ ਰਹੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਹੁਣ ਅਧਿਆਪਕ, ਟਰੱਕ ਡਰਾਈਵਰ, ਖੇਤੀਬਾੜੀ ਤੇ ਸਿਹਤ ਵਰਕਰ ਵੀ ਲੈ ਸਕਦੇ ਹਨ PR
ਹਰ ਵਾਰ ਦੀ ਤਰ੍ਹਾਂ ਇਸ ਵਾਰ ਟਿਕਟ ਦੇ ਰਾਹੀਂ ਇੱਕ ਲੱਕੀ ਵਿਜੇਤਾ ਨੂੰ ਪ੍ਰਬੰਧਕ ਟੀਮ ਵੱਲੋਂ ਨਵੀਂ ਗੱਡੀ ਦਿੱਤੀ ਗਈ ਅਤੇ ਵੱਖ-ਵੱਖ ਅਦਾਰਿਆਂ ਵੱਲੋਂ ਅਨੇਕਾਂ ਇਨਾਮ ਆਏ ਹੋਏ ਦਰਸ਼ਕਾਂ ਲਈ ਕੱਢੇ ਗਏ।ਪ੍ਰਬੰਧਕ ਕਮੇਟੀ ਵੱਲੋਂ ਜਿਥੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਨਿਵਾਜਿਆ ਗਿਆ, ਉੱਥੇ ਹੀ ਆਏ ਹੋਏ ਸਭ ਖਿਡਾਰੀਆਂ, ਟੀਮ ਪ੍ਰਬੰਧਕਾਂ, ਪਰਫੌਰਮਰਜ਼, ਵਲੰਟਰੀਅਰਜ਼ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੇ ਸਾਲ ਇਸ ਵਾਰ ਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਹੋਰ ਵੀ ਪੁਖਤਾ ਇੰਤਜ਼ਾਮ ਕਰਨ ਦਾ ਵਾਅਦਾ ਕੀਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।