ਤਾਲਿਬਾਨ ਨੂੰ ਪਾਕਿ ਦਾ ਸਮਰਥਨ ਅਫ਼ਗਾਨ ਸਰਕਾਰ ਅਤੇ ਸੁਰੱਖਿਆ ਦਸਤਿਆਂ ਲਈ ਨੁਕਸਾਨਦੇਹ: ਥਿੰਕ ਟੈਂਕ
Saturday, Jul 24, 2021 - 01:30 PM (IST)
ਟੋਰਾਂਟੋ— ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਅਤੇ ਕਬਜ਼ੇ ਕਰਨ ਦੀ ਤਸਵੀਰ ਪੂਰੀ ਤਰ੍ਹਾਂ ਵਿਗੜਦੀ ਨਜ਼ਰ ਆ ਰਹੀ ਹੈ। ਕੈਨੇਡਾ ਆਧਾਰਿਤ ਇਕ ਸੰਗਠਨ ਥਿੰਕ ਟੈਂਕ ਨੇ ਕਿਹਾ ਕਿ ਅੱਤਵਾਦੀ ਸਮੂਹ ਯਾਨੀ ਕਿ ਤਾਲਿਬਾਨ ਨੂੰ ਪਾਕਿਸਤਾਨ ਦਾ ਕਿਸੇ ਲੀ ਤਰ੍ਹਾਂ ਦਾ ਸਮਰਥਨ ਅਫ਼ਗਾਨ ਸਰਕਾਰ ਅਤੇ ਇਸ ਦੇ ਸੁਰੱਖਿਆ ਦਸਤਿਆਂ ਲਈ ਨੁਕਸਾਨਦੇਹ ਹੋਵੇਗਾ। ਥਿੰਕ ਟੈਂਕ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ’ਤੇ ਸ਼ਾਸਨ ਕਰਨ ’ਚ ਤਾਲਿਬਾਨ ਦਾ ਮੁੱਖ ਉਦੇਸ਼ ਇਕ ਰੂੜ੍ਹੀਵਾਦੀ ਇਸਲਾਮੀ ਸ਼ਾਸਨ ਦੀ ਬਹਾਲੀ ਕਰਨਾ ਹੈ, ਜੋ ਕਿ ਭਵਿੱਖ ’ਚ ਉਨ੍ਹਾਂ ਦੇ ਸ਼ਾਸਨ ਨੂੰ ਜਾਰੀ ਰੱਖਣਾ ਯਕੀਨੀ ਕਰੇਗਾ।
ਤਾਲਿਬਾਨ ਵਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੀਆਂ ਬੀਬੀਆਂ, ਅਫ਼ਗਾਨ ਨਾਗਰਿਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪੂਰੇ ਦੇਸ਼ ’ਚ ਹੋ ਰਿਹਾ ਹੈ, ਜੋ ਕਿ ਡਰ ਅਤੇ ਨਿਰਾਸ਼ਾ ਨਾਲ ਭਰੇ ਖ਼ਤਰਨਾਕ ਭਵਿੱਖ ਦਾ ਸੰਕੇਤ ਦਿੰਦਾ ਹੈ। ਇਕ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ (ਆਈ. ਐੱਫ. ਐੱਫ. ਆਰ. ਏ. ਐੱਸ.) ਨੇ ਅਫ਼ਗਾਨਿਸਤਾਨ ਨਾਲ ਪਾਕਿਸਤਾਨ ਦੇ ਦੋਗਲੇਪਨ ’ਤੇ ਚਾਨਣਾ ਪਾਇਆ ਹੈ। ਆਈ. ਐੱਫ. ਐੱਫ. ਆਰ. ਏ. ਐੱਸ. ਮੁਤਾਬਕ ਇੱਥੋਂ ਤੱਕ ਕਿ ਅਮਰੀਕਾ ਨੇ ਪੂਰੇ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਪਾਕਿਸਤਾਨ ਦੀ ਇਸ ਸ਼ੱਕੀ ਭੂਮਿਕਾ ਨੂੰ ਵੇਖਿਆ ਹੈ।
ਥਿੰਕ ਟੈਂਕ ਨੇ ਕਿਹਾ ਕਿ ਪਾਕਿਸਤਾਨ ਪ੍ਰਸ਼ਾਸਨ ਚੁੱਪ-ਚਪੀਤੇ ਸੈਂਕੜੇ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ’ਚ ਲੈ ਕੇ ਜਾ ਰਿਹਾ ਹੈ। ਥਿੰਕ ਟੈਂਕ ਮੁਤਾਬਕ ਅਨੁਮਾਨ ਹੈ ਕਿ ਲੱਗਭਗ 7200 ਪਾਕਿਸਤਾਨੀ ਅੱਤਵਾਦੀ ਅਫ਼ਗਾਨਿਸਤਾਨ ’ਚ ਤਾਲਿਬਾਨ ਨਾਲ ਲੜ ਰਹੇ ਹਨ। ਥਿੰਕ ਟੈਂਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਤਾਲਿਬਾਨ ਪਾਕਿਸਤਾਨ ਅੰਦਰ ਮੁਦਰਾ ਸਮਰਥਨ ਨੂੰ ਚੈਨਲਾਈਜ਼ ਕਰਨ ਵਿਚ ਵੀ ਸ਼ਾਮਲ ਹੈ। ਪਾਕਿਸਤਾਨੀ ਦੀ ਸਰਜਮੀਂ ’ਤੇ ਵਿਸ਼ੇਸ਼ ਰੂਪ ਨਾਲ ਬਲੋਚਿਸਤਾਨ ’ਚ ਅਫ਼ਗਾਨ ਤਾਲਿਬਾਨ ਵਲੋਂ ਫੰਡ ਇਕੱਠਾ ਕਰਨ ਅਤੇ ਭਰਤੀ ਕਰਨ ’ਚ ਭਾਰੀ ਵਾਧਾ ਹੋਇਆ ਹੈ। ਥਿੰਕ ਟੈਂਕ ਨੇ ਕਿਹਾ ਕਿ ਜਿਵੇਂ ਕਿ ਹਾਲਾਤ ਦੇਸ਼ ਦੇ ਸੰਭਾਵਿਤ ਪੂਰਨ ਪੈਮਾਨੇ ’ਤੇ ਤਾਲਿਬਾਨ ਦੇ ਕਬਜ਼ੇ ਵੱਲ ਵੱਧ ਰਹੇ ਹਨ। ਅਫ਼ਗਾਨਿਸਤਾਨ ਅਤੇ ਆਲੇ-ਦੁਆਲੇ ਦੇ ਖੇਤਰ ਦਾ ਭਵਿੱਖ ਗੰਭੀਰ ਅਤੇ ਅਨਿਸ਼ਚਿਤ ਲੱਗਦਾ ਹੈ।