ਅਮਰੀਕਾ ਦੇ ਵਿਵਹਾਰ ਨਾ ਬਦਲਣ ਤੱਕ ਗੱਲਬਾਤ ਹੋਣ ਦੀ ਸੰਭਾਵਨਾ ਨਹੀਂ : ਈਰਾਨ
Sunday, Jun 02, 2019 - 11:42 PM (IST)

ਤਹਿਰਾਨ - ਤਹਿਰਾਨ ਨੇ ਐਤਵਾਰ ਨੂੰ ਵਾਸ਼ਿੰਗਟਨ ਨਾਲ ਉਦੋਂ ਤੱਕ ਗੱਲਬਾਤ ਦੀ ਸੰਭਾਵਨਾ ਨੂੰ ਨਕਾਰ ਦਿੱਤਾ ਜਦੋਂ ਤੱਕ ਉਹ ਆਪਣੇ 'ਸਾਧਾਰਨ ਵਿਵਹਾਰ' ਨੂੰ ਨਹੀਂ ਬਦਲਦਾ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਈਰਾਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੂਸਾਵੀ ਨੇ ਕਿਹਾ ਕਿ ਈਰਾਨ ਦੇ ਸਬੰਧ 'ਚ ਅਮਰੀਕਾ ਦੇ ਸਾਧਾਰਨ ਵਿਵਹਾਰ ਅਤੇ ਕਾਰਵਾਈ 'ਚ ਬਦਲਾਅ ਹੀ ਕਿਸੇ ਵੀ ਗੱਲਬਾਤ ਲਈ ਜ਼ਰੂਰੀ ਮਾਪਦੰਡ ਹੈ।
ਬੁਲਾਰੇ ਨੇ ਮੰਤਰਾਲੇ ਦੇ ਇਕ ਬਿਆਨ ਦੇ ਹਵਾਲੇ ਤੋਂ ਕਿਹਾ ਕਿ ਈਰਾਨ 'ਤੇ ਜ਼ਿਆਦਾਤਰ ਦਬਾਅ ਰੱਖਣ 'ਤੇ ਪੋਂਪੀਓ ਦਾ ਜ਼ੋਰ ਉਸੇ ਦੋਸ਼ ਪੂਰਣ ਵਿਵਹਾਰ ਨੂੰ ਕਾਇਮ ਰੱਖਣ ਦੀ ਗੱਲ ਦਿਖਾਉਂਦਾ ਹੈ ਜਿਸ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਪੋਂਪੀਓ ਨੇ ਤਹਿਰਾਨ ਨਾਲ ਵਧਦੇ ਤਣਾਅ ਤੋਂ ਬਾਅਦ ਐਤਵਾਰ ਨੂੰ ਅਮਰੀਕੀ ਰੁਖ 'ਚ ਨਰਮੀ ਦਿਖਾਈ। ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਕਰਨ ਲਈ ਤਿਆਰ ਹਾਂ। ਪਰ ਕੁਝ ਹੀ ਸਮੇਂ ਬਾਅਦ ਉਹ ਬਿਨਾਂ ਸ਼ਰਤ ਦੇ ਗੱਲਬਾਤ ਦੇ ਪ੍ਰਸਤਾਵ ਦੇ ਰੁਖ ਨੂੰ ਬਦਲਦੇ ਦਿਖੇ।