1981 ਤੋਂ ਬਾਅਦ ਇੰਡੋਨੇਸ਼ੀਆ ''ਚ ਦੇਖੀ ਗਈ ਦੁਨੀਆ ਦੀ ਸਭ ਤੋਂ ਵੱਡੀ ਮੱਖੀ
Sunday, Feb 24, 2019 - 02:36 AM (IST)
ਵਾਸ਼ਿੰਗਟਨ — ਖੋਜਕਾਰਾਂ ਦੇ ਇਕ ਦਲ ਨੇ ਇੰਡੋਨੇਸ਼ੀਆ 'ਚ 1981 ਤੋਂ ਬਾਅਦ ਸਭ ਤੋਂ ਵੱਡੀ ਮੱਖੀ ਦੇਖੀ। ਸ਼ੁੱਕਰਵਾਰ ਨੂੰ ਆਈ ਮੀਡੀਆ ਰਿਪੋਰਟ ਮੁਤਾਬਕ, ਇਸ ਦਾ ਆਕਾਰ ਇਕ ਵਿਅਕਤੀ ਦੇ ਅੰਗੂਠੇ ਦੇ ਬਰਾਬਰ ਹੈ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ, ਨੈਚੂਰਲ ਹਿਸਟਰੀ ਦੇ ਫੋਟੋਗ੍ਰਾਫਰ ਕਲੇ ਬੋਲਟ, ਕੀੜਿਆਂ ਦੇ ਵਿਗਿਆਨੀ ਐਲੀ ਵੀਮੈਨ, ਵਿਹਾਰਕ ਵਾਤਾਵਰਣ ਵਿਗਿਆਨੀ ਸਿਮੋਨ ਰਾਬਸਨ ਅਤੇ ਪੰਛੀਆਂ ਦੇ ਵਿਗਿਆਨੀ ਗਲੇਨ ਸ਼ਿਲਟਨ ਦੀ ਟੀਮ ਨੇ ਇਸ ਅਜੀਬ ਜੀਵ ਦੀ ਦੁਬਾਰਾ 25 ਜਨਵਰੀ ਨੂੰ ਭਾਲ ਕੀਤੀ ਅਤੇ ਉਨ੍ਹਾਂ ਵੱਲੋਂ ਵੈਲੇਸ ਦੇ ਇਸ ਜੀਵ ਦੀਆਂ ਤਸਵੀਰਾਂ ਅਤੇ ਵੀਡੀਓ ਬਣਾ ਲਈਆਂ ਗਈਆਂ।
ਦਲ ਨੇ ਇਸ ਮੱਖੀ 'ਤੇ ਇੰਡੋਨੇਸ਼ੀਆ ਦੇ ਨਮ ਜੰਗਲਾਂ 'ਚ ਸਾਲਾ ਤੱਕ ਅਧਿਐਨ ਕੀਤਾ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੈਚਰ ਨੇ ਇਸ ਜੀਵ ਨੂੰ ਖਨਨ ਜਿਹੇ ਉਦਯੋਗਾਂ ਕਾਰਨ ਸੰਕਟਮਈ ਦੱਸਿਆ ਹੈ। ਇਸ ਤੋਂ ਪਹਿਲਾਂ ਵੈਲੇਸ ਬੀ ਨੂੰ ਸਿਰਫ 2 ਹੋਰ ਲੋਕਾਂ ਨੇ ਦੇਖਿਆ ਹੈ। ਪਹਿਲਾ ਇਕ ਬ੍ਰਿਟਿਸ਼ ਕੁਦਰਤੀ ਵਿਗਿਆਨੀ ਅਲਫ੍ਰੇਡ ਰਸੇਲ ਵੈਲੇਸ ਸਨ ਜਿਸ ਨੇ ਇੰਡੋਨੇਸ਼ੀਆ ਦੇ ਟ੍ਰੌਪੀਕਲ ਬੇਕਨ ਟਾਪੂ 'ਚ ਇਸ ਮੱਖੀ ਦੀ 1858 'ਚ ਖੋਜ ਕੀਤੀ ਸੀ ਅਤੇ ਦੂਜਾ ਇਕ ਕੀੜਿਆਂ ਦਾ ਵਿਗਿਆਨੀ ਐਡਮ ਮੇਸਰ ਸਨ ਜਿਸ ਨੇ ਇਸ ਨੂੰ 1981 'ਚ ਦੇਖਿਆ ਸੀ।