ਅਮਰੀਕੀ ਸਿਹਤ ਸੰਸਥਾ ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਦਿੱਤੀ ਵੱਡੀ ਚੇਤਾਵਨੀ

Tuesday, Jul 13, 2021 - 08:44 PM (IST)

ਅਮਰੀਕੀ ਸਿਹਤ ਸੰਸਥਾ ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਦਿੱਤੀ ਵੱਡੀ ਚੇਤਾਵਨੀ

ਇੰਟਰਨੈਸ਼ਨਲ ਡੈਸਕ : ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਵੱਡੀ ਚੇਤਾਵਨੀ ਦਿੱਤੀ ਹੈ ਕਿ ਇਸ ਵੈਕਸੀਨ ਨਾਲ ਗੁਇਲੇਨ-ਬੈਰੇ ਸਿੰਡ੍ਰੋਮ (ਜੀ. ਬੀ. ਐੱਸ.)ਦੇ ਦੁਰਲੱਭ ਮਾਮਲੇ ਸਾਹਮਣੇ ਆਏ ਹਨ, ਜੋ ਇਕ ਨਿਊਰੋਲਾਜੀਕਲ ਡਿਸਆਰਡਰ ਹੈ, ਜਿਸ ’ਚ ਸਰੀਰ ਦਾ ਇਮਿਊਨਿਟੀ ਸਿਸਟਮ ਗਲਤੀ ਨਾਲ ਨਰਵਸ ਸਿਸਟਮ ’ਤੇ ਹਮਲਾ ਕਰ ਸਕਦਾ ਹੈ।ਇਹ ਚੇਤਾਵਨੀ ‘ਜਾਨਸਨ ਐਂਡ ਜਾਨਸਨ’ ਲਈ ਇਕ ਹੋਰ ਵੱਡਾ ਝਟਕਾ ਹੈ, ਜਿਸ ਨੂੰ ਅਮਰੀਕੀ ਟੀਕਾਕਰਨ ਯਤਨਾਂ ਦਾ ਇਕ ਅਹਿਮ ਹਿੱਸਾ ਮੰਨਿਆ ਜਾਂਦਾ ਸੀ, ਹਾਲਾਂਕਿ ਅਮਰੀਕੀ ਟੀਕਾਕਰਨ ’ਚ ਇਸ ਦੀ ਵਰਤੋਂ ਕਾਫ਼ੀ ਘੱਟ ਕੀਤੀ ਗਈ ਹੈ ਤੇ ਇਹ ਵੈਕਸੀਨ ਸਮੱਸਿਆਵਾਂ ਨਾਲ ਜੂਝਦੀ ਰਹੀ ਹੈ। ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ’ਚ ਬਲੱਡ ਕਲਾਟਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਕ ਹਫ਼ਤੇ ਤੋਂ ਵੱਧ ਸਮੇਂ ਲਈ ‘ਜਾਨਸਨ ਐਂਡ ਜਾਨਸਨ’ ਟੀਕੇ ਦੀ ਵਰਤੋਂ ਨੂੰ ਰੋਕ ਦਿੱਤਾ ਸੀ।

ਇਹ ਵੀ ਪੜ੍ਹੋ : PM ਮੋਦੀ ਨੇ ਓਲੰਪਿਕ ’ਚ ਜਾਣ ਵਾਲੇ ਐਥਲੀਟਾਂ ਨਾਲ ਕੀਤੀ ਚਰਚਾ, ਕਿਹਾ-ਉਮੀਦਾਂ ਦੇ ਬੋਝ ਥੱਲੇ ਨਹੀਂ ਦੱਬਣਾ

PunjabKesari

ਲਕਵੇ ਦਾ ਕਾਰਨ ਬਣ ਸਕਦੀ ਹੈ ਦੁਰਲੱਭ ਬੀਮਾਰੀ
ਕੰਪਨੀ ਨੂੰ ਇਸ ਵੈਕਸੀਨ ਦੇ ਆਪਣੇ ਇਕਲੌਤੇ ਮੈਨੂਫੈਕਚਰਿੰਗ ਪਲਾਂਟ ’ਚ ਉਤਪਾਦਨ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਐੱਫ. ਡੀ. ਏ. ਨੇ ਇਕ ਬਿਆਨ ’ਚ ਕਿਹਾ ਕਿ ਤਕਰੀਬਨ 12.5 ਮਿਲੀਅਨ ਖੁਰਾਕਾਂ ਪ੍ਰਸ਼ਾਸਿਤ ਹੋਣ ਤੋਂ ਬਾਅਦ ਟੀਕਾਕਰਨ ਤੋਂ ਬਾਅਦ ਜੀ. ਬੀ. ਐੱਸ. ਦੀਆਂ 100 ਸ਼ੁਰੂਆਤੀ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ’ਚ 95 ਫੀਸਦੀ ਗੰਭੀਰ ਸਨ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਦੀ ਲੋੜ ਸੀ। ਉਥੇ ਹੀ ਹੁਣ ਤਕ ਇਕ ਮੌਤ ਦੀ ਸੂਚਨਾ ਮਿਲੀ ਹੈ। ਆਮ ਤੌਰ ’ਤੇ ਜੀ. ਬੀ. ਐੱਸ. ਹੋਣ ’ਤੇ ਕੁਝ ਦਿਨਾਂ ਤੋਂ ਲੈ ਕੇ ਕੁਝ ਹਫਤਿਆਂ ’ਚ ਰੋਗੀ ਠੀਕ ਹੋ ਜਾਂਦਾ ਹੈ। ਹੋਰ ਰੋਗ ਹੌਲੀ ਹੌਲੀ ਪੈਦਾ ਹੁੰਦੇ ਹਨ ਤੇ ਖਤਮ ਹੋਣ ’ਤੇ ਫਿਰ ਹੋ ਸਕਦੇ ਹਨ। ਲੱਛਣਾਂ ’ਚ ਪੂਰੇ ਸਰੀਰ ਦੀਆਂ ਪ੍ਰਮੁੱਖ ਮਾਸਪੇਸ਼ੀਆਂ ’ਚ ਕਮਜ਼ੋਰੀ ਤੇ ਅਸਥਿਰਤਾ ਦੀਆਂ ਸਮੱਸਿਆਵਾਂ, ਨਾਲ ਹੀ ਹੱਥਾਂ ਤੇ ਪੈਰਾਂ ’ਚ ਕੁਝ ਚੁੱਭਦਾ ਮਹਿਸੂਸ ਹੋਣਾ ਸ਼ਾਮਲ ਹੈ। ਸਭ ਤੋਂ ਗੰਭੀਰ ਮਾਮਲਿਆਂ ’ਚ ਲਕਵਾ ਤਕ ਹੋ ਸਕਦਾ ਹੈ।

PunjabKesari

ਉਥੇ ਹੀ ਅਮਰੀਕੀ ਸੈਂਟਰ ਆਫ ਡਿਜ਼ੀਜ਼ ਕੰਟਰੋਲ (ਸੀ. ਡੀ. ਸੀ.) ਨੇ ਇਕ ਬਿਆਨ ’ਚ ਕਿਹਾ ਕਿ ਜੀ. ਬੀ. ਐੱਸ. ਦੇ ਮਾਮਲੇ ਵੱਡੀ ਪੱਧਰ ’ਤੇ ਜਾਨਸਨ ਐਂਡ ਜਾਨਸਨ ਵੈਕਸੀਨ ਲਵਾਉਣ ਦੇ ਤਕਰੀਬਨ ਦੋ ਹਫ਼ਤਿਆਂ ਬਾਅਦ ਆਏ ਹਨ ਤੇ ਜ਼ਿਆਦਾਤਰ ਪੁਰਸ਼ਾਂ ’ਚ 50 ਸਾਲ ਤੇ ਉਸ ਤੋਂ ਵੱਧ ਉਮਰ ਦੇ ਹਨ। ਇਹ ਮਾਮਲੇ ਦੁਰਲੱਭ ਹਨ ਪਰ ਟੀਕੇ ਤੋਂ ਬਾਅਦ ਇਸ ਮਾੜੇ ਪ੍ਰਭਾਵ ਨਾਲ ਸੰਭਾਵਿਤ ਜੋਖਮ ਜ਼ਰੂਰ ਹਨ। ਸੀ. ਡੀ. ਸੀ. ਨੇ ਕਿਹਾ ਹੈ ਕਿ ਅਮਰੀਕਾ ’ਚ ਪ੍ਰਸ਼ਾਸਿਤ 321 ਮਿਲੀਅਨ ਤੋਂ ਵੱਧ ਖੁਰਾਕਾਂ ਤੋਂ ਬਾਅਦ ਉਪਲੱਬਧ ਡਾਟਾ ਤੋਂ ਪਤਾ ਲੱਗਾ ਹੈ ਕਿ ਐੱਮ. ਆਰ. ਐੱਨ. ਏ. ਟੀਕਿਆਂ ’ਚ ਜੀ. ਬੀ. ਐੱਸ. ਦਾ ਕੋਈ ਪੈਟਰਨ ਨਹੀਂ ਹੈ। ਤੇਜ਼ੀ ਨਾਲ ਫੈਲ ਰਹੇ ਡੈਲਟਾ ਵੈਰੀਐਂਟ ਵਿਚਾਲੇ ਇਸ ਟੀਕੇ ਨੂੰ ਮਿਲੀ ਨਵੀਂ ਚੇਤਾਵਨੀ ਬਾਈਡੇਨ ਪ੍ਰਸ਼ਾਸਨ ਦੇ ਟੀਕੇ ਦੀ ਝਿਜਕ ਤੇ ਸ਼ੱਕ ਨਾਲ ਨਜਿੱਠਣ ਦੇ ਯਤਨਾਂ ਨੂੰ ਹੋਰ ਮੁਸ਼ਕਿਲ ਬਣਾ ਸਕਦੀ ਹੈ ਪਰ ਇਕ ਮਾਹਿਰ ਨੇ ਕਿਹਾ ਕਿ ਉਹ ਚਿੰਤਿਤ ਨਹੀਂ ਸੀ। ਫਿਲਾਡੇਲਫੀਆ ਦੇ ਚਿਲਡ੍ਰਨ ਹਸਪਤਾਲ ਦੇ ਇਕ ਵੈਕਸੀਨ ਮਾਹਿਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਟੀਕੇ ਦੀ ਵਰਤੋਂ ਨਾਲ ਇਸ ਦਾ ਜ਼ਿਆਦਾ ਅਸਰ ਪਵੇਗਾ, ਇਹ ਅਜੇ ਵੀ ਬਹੁਤ ਦੁਰਲੱਭ ਘਟਨਾ ਹੈ। ਐੱਫ. ਡੀ. ਏ. ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਟੀਕਾ ਅਜੇ ਵੀ ਸੁਰੱਖਿਅਤ ਅਤੇ ਪ੍ਰਭਾਵੀ ਹੈ ਤੇ ਇਸ ਦੇ ਸੰਭਾਵਿਤ ਜੋਖਿਮਾਂ ਤੋਂ ਇਸ ਦੇ ਸੰਭਾਵਿਤ ਲਾਭ ਸਪੱਸ਼ਟ ਤੌਰ ’ਤੇ ਬਹੁਤ ਜ਼ਿਆਦਾ ਹਨ।


author

Manoj

Content Editor

Related News