ਅਮਰੀਕਾ ਨੇ ਚੀਨ ਦੇ ਪ੍ਰਮਾਣੂ ਹਥਿਆਰ ਬਣਾਉਣ ’ਤੇ ਜਤਾਈ ਚਿੰਤਾ, ਸਾਰੇ ਦੇਸ਼ਾਂ ਨੂੰ ਦਿੱਤਾ ਇਹ ਸੱਦਾ
Saturday, Jul 03, 2021 - 05:46 PM (IST)
ਇੰਟਰਨੈਸ਼ਨਲ ਡੈਸਕ : ਚੀਨ ਦੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ’ਤੇ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਕਿਹਾ ਕਿ ਪੀ. ਆਰ. ਸੀ. (ਚੀਨ) ਪ੍ਰਮਾਣੂ ਸ਼ਕਤੀ ਦੇ ਮਾਮਲੇ ਵਿਚ ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਵਧਿਆ ਹੈ। ਇਸ ਦੀ ਗਲਤ ਵਰਤੋਂ ਸ਼ਾਂਤੀ ਲਈ ਖਤਰਾ ਪੈਦਾ ਕਰ ਸਕਦੀ ਹੈ। ਚੀਨ ਨੇ ਹਾਲ ਹੀ ਵਿਚ 100 ਤੋਂ ਜ਼ਿਆਦਾ ਸਾਇਲਾਂ (ਸਟੋਰੇਜ ਕੰਟੇਨਰ, ਜਿਨ੍ਹਾਂ ’ਚ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨੂੰ ਰੱਖਿਆ ਜਾਂਦਾ ਹੈ) ਤਿਆਰ ਕਰ ਕੇ ਬਹੁਤ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਬੀਜਿੰਗ ਵੱਲੋਂ 100 ਤੋਂ ਜ਼ਿਆਦਾ ਪ੍ਰਮਾਣੂ ਮਿਜ਼ਾਈਲ ਸਾਇਲਾਂ ਬਣਾਉਣ ’ਤੇ ਉਨ੍ਹਾਂ ਕਿਹਾ ਕਿ ਚੀਨ ਦੀ ਪ੍ਰਮਾਣੂ ਸ਼ਕਤੀ ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਨੇਡ ਪ੍ਰਾਈਸ ਨੇ ਚੀਨ ਦੇ ਪ੍ਰਮਾਣੂ ਨਿਰਮਾਣ ਹਥਿਆਰਾਂ ’ਤੇ ਕਾਬੂ ਪਾਉਣ ਲਈ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ : ਚੀਨ ਦੀ ਦਾਦਾਗਿਰੀ ! ਕੋਰੋਨਾ ਬਹਾਨੇ ਭਾਰਤ ਤੋਂ ਸੀ-ਫੂਡ ਦੀ ਦਰਾਮਦ 'ਤੇ ਲਾਈ ਰੋਕ
ਜ਼ਿਕਰਯੋਗ ਹੈ ਕਿ ਚੀਨੀ ਜਲ ਸੈਨਾ ਅਤਿ-ਆਧੁਨਿਕ ਹਥਿਆਰਾਂ ਨਾਲ ਵੀ ਲੈਸ ਹੈ। ਅੱਜ ਉਹ ਇੰਨੀ ਤਾਕਤਵਰ ਹੈ ਕਿ ਅਮਰੀਕਾ ਨੂੰ ਵੀ ਚੁਣੌਤੀ ਦੇ ਸਕਦਾ ਹੈ। ਇਸ ਗੱਲ ਦੀ ਭਿਣਕ ਅਮਰੀਕਾ ਨੂੰ ਵੀ ਹੈ। ਅਮਰੀਕਾ ਲਗਾਤਾਰ ਚੀਨ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਿਹਾ ਹੈ। ਚੀਨ ਇਨ੍ਹੀਂ ਦਿਨੀਂ ਤੇਜ਼ੀ ਨਾਲ ਆਪਣੀ ਮਿਜ਼ਾਈਲ ਸਮਰੱਥਾ ਨੂੰ ਵਧਾਉਣ ’ਚ ਰੁੱਝਿਆ ਹੋਇਆ ਹੈ। ਹਾਲ ਹੀ ਵਿਚ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਚੀਨ ਉੱਤਰ-ਪੱਛਮੀ ਸ਼ਹਿਰ ਯੁਮੇਨ ਕੋਲ ਇਕ ਰੇਗਿਸਤਾਨ ਵਿਚ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਦੀਆਂ 100 ਤੋਂ ਜ਼ਿਆਦਾ ਸਾਇਲਾਂ ਤਿਆਰ ਕਰ ਰਿਹਾ ਹੈ।