ਬ੍ਰਿਸਬੇਨ ਪੰਜਾਬੀ ਕੈਲਮਵੇਲ ਕਮਿਊਨਿਟੀ ਕਲੱਬ ਦੀ ਸਰਬਸੰਮਤੀ ਨਾਲ ਹੋਈ ਚੋਣ

12/13/2018 5:03:12 PM

ਬ੍ਰਿਸਬੇਨ (ਸਤਵਿੰਦਰ ਟੀਨੂੰ)-ਬ੍ਰਿਸਬੇਨ ਪੰਜਾਬੀ ਕੈਲਮਵੇਲ ਕਮਿਊਨਿਟੀ ਕਲੱਬ ਦੀ ਸਾਲਾਨਾ ਚੋਣ ਸਥਾਨਕ ਬਰਾਉਨਜ਼ ਪਲੇਨਜ਼ ਦੇ 'ਸਾਲਟ ਐਂਡ ਸਪਾਈਸ' ਰੈਸਟੋਰੈਂਟ ਵਿਖੇ ਹੋਈ। ਇਸ ਸਲਾਨਾ ਜਨਰਲ ਮੀਟਿੰਗ ਦੌਰਾਨ ਪਿੱਛਲੇ ਸਾਲ ਦੀ ਕਾਰਗੁਜ਼ਾਰੀ ਦਾ ਹਰ ਪੱਖ ਤੋ ਲੇਖਾ ਜੋਖਾ ਕੀਤਾ ਗਿਆ। ਸਾਲਾਨਾ ਮੀਟਿੰਗ 'ਚ ਕੋਈ 20 ਕੁ ਮੈਂਬਰ ਹਾਜ਼ਰ ਹੋਏ। ਪਿਛਲੀ ਕਮੇਟੀ ਦੇ ਪ੍ਰਧਾਨ ਦਪਿੰਦਰ ਸਿੰਘ ਅਤੇ ਸੈਕਟਰੀ ਚਰਨਜੀਤ ਸਿੰਘ ਕਾਹਲੋਂ ਨੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਅਤੇ ਖਾਮੀਆਂ ਤੇ ਚਾਨਣਾ ਪਾਇਆ।

ਸਾਰੇ ਸਪਾਂਸਰਾਂ ਦਾ ਧੰਨਵਾਦ ਕੀਤਾ। ਜੇਤੂ ਟੀਮਾਂ ਨੂੰ ਮੁਬਾਰਕ ਦਿੱਤੀ। ਸਾਬਕਾ ਖਜਾਨਚੀ ਜਗਦੀਪ ਸਿੰਘ ਨੇ ਸਲਾਨਾ ਵਿੱਤ ਰਿਪੋਰਟ ਪੇਸ਼ ਕੀਤੀ, ਜਿਸ 'ਚ ਸਾਰੇ ਖਰਚੇ ਕਰਕੇ ਤਕਰੀਬਨ 17,000 ਡਾਲਰ ਦੀ ਬੈਂਕ ਬੱਚਤ ਹੋਈ। ਸੰਵਿਧਾਨਕ ਕਾਰਵਾਈਆਂ ਤੋਂ ਬਾਅਦ ਸੈਕਟਰੀ ਚਰਨਜੀਤ ਨੇ 2018 ਵਾਲੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ।

ਸਰਬਸੰਮਤੀ ਨਾਲ ਹਰਪ੍ਰੀਤ ਸਿੰਘ ਅਟਵਾਲ ਨੂੰ ਨਵੀਂ ਚੋਣ ਦੀ ਕਾਰਵਾਈ ਲਈ ਚੇਅਰ ਪਰਸਨ ਚੁਣਿਆ ਗਿਆ। ਚੇਅਰਪਰਸਨ ਦੀ ਸੁਚੱਜੀ ਅਗਵਾਈ ਹੇਠ ਸਰਬਸੰਮਤੀ ਨਾਲ ਜਸਪਿੰਦਰ ਸਿੰਘ (ਪ੍ਰਧਾਨ), ਸਰਬਜੀਤ ਸਿੰਘ ਗਿੱਲ (ਉੱਪ-ਪ੍ਰਧਾਨ), ਰੌਬਿਨ ਹੇਅਰ (ਸੈਕਟਰੀ), ਬਲਵਿੰਦਰ ਸਿੰਘ (ਖਜਾਨਚੀ), ਮਨਜੀਤ ਬੋਪਾਰਾਏ, ਜਸਦੀਪ ਸਿੰਘ ਸੰਘਾ, ਸੁਖਜਿੰਦਰ ਸਿੰਘ ਅਤੇ ਜਤਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਮੈਂਬਰ ਨਿਯੁਕਤ ਕੀਤਾ। ਹਰ ਸਾਲ ਸਰਬ ਸੰਮਤੀ ਨਾਲ ਚੋਣ ਕਰਨਾ ਕੈਲਮਵੇਲ ਕਲੱਬ ਦੀ ਪੁਰਾਣੀ ਪਰੰਮਪਰਾ ਹੀ ਹੈ।

ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਕਿ ਕਲੱਬ ਦੀਆਂ ਗਤੀਵਿਧੀਆਂ ਸਰਬ ਸਾਂਝੀਆਂ ਹੋਣਗੀਆਂ ਅਤੇ ਕਲੱਬ ਦੀ ਨਵੀਂ ਕਮੇਟੀ ਨਿਰਪੱਖਤਾ ਨਾਲ ਕੰਮ ਕਰਨ ਨੂੰ ਤਰਜੀਹ ਦੇਵੇਗੀ। ਨਵੀਂ ਚੁਣੀ ਕਮੇਟੀ ਨੂੰ ਸਾਬਕਾ ਪ੍ਰਧਾਨਾਂ ਦਲਜੀਤ ਸਿੰਘ ਧਾਮੀ, ਸੋਢੀ ਸਿੰਘ, ਜਗਦੀਪ ਸਿੰਘ, ਰੌਕੀ ਭੁੱਲਰ ਨੇ ਸੁਆਗਤੀ ਅਸ਼ੀਰਵਾਦ ਦਿੱਤਾ। ਇੱਕ ਸੋਚ ਅਤੇ ਅਗਾਂਹ ਵਧੂ ਕਮੇਟੀ ਦੀ ਚੋਣ ਵਿੱਚ ਡਾਕਟਰ ਪਰਮਜੀਤ ਦਾ ਵੀ ਅਹਿਮ ਯੋਗਦਾਨ ਰਿਹਾ। ਨਵੀਂ ਚੁਣੀ ਟੀਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਸੱਮੁਚੇ ਕਲੱਬ ਦਾ ਸਹਿਯੋਗ ਮੰਗਿਆ।


Sunny Mehra

Content Editor

Related News