ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਪੂਰੀ ਦੁਨੀਆ ''ਚ ਸੁਨਾਮੀ ਦਾ ਖਤਰਾ

08/19/2018 5:36:20 PM

ਵਾਸ਼ਿੰਗਟਨ (ਭਾਸ਼ਾ)— ਜਲਵਾਯੂ ਪਰਿਵਰਤਨ ਦੀ ਵਜ੍ਹਾ ਤੋਂ ਸਮੁੰਦਰ ਦੇ ਪਾਣੀ ਦਾ ਪੱਧਰ ਥੋੜ੍ਹਾ ਜਿਹਾ ਵਧਦਾ ਹੈ ਤਾਂ ਦੁਨੀਆ 'ਚ ਸੁਨਾਮੀ ਨਾਲ ਤਬਾਹੀ ਦਾ ਖਤਰਾ ਵਧ ਸਕਦਾ ਹੈ। ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਤੱਟੀ ਸ਼ਹਿਰਾਂ ਵਿਚ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਦੇ ਖਤਰੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਪਰ ਇਸ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਾਰਨ ਤੱਟੀ ਸ਼ਹਿਰਾਂ ਤੋਂ ਇਲਾਵਾ ਦੂਰ-ਦੂਰ ਵੱਸੇ ਸ਼ਹਿਰਾਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।

ਉਦਾਹਰਣ ਦੇ ਤੌਰ 'ਤੇ ਸਾਲ 2011 ਤੋਂ ਬਾਅਦ ਤੋਹੋਕੁ-ਓਕੀ ਵਿਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨਾਲ ਉੱਤਰੀ ਜਾਪਾਨ ਦਾ ਹਿੱਸਾ ਤਬਾਹ ਹੋ ਗਿਆ ਸੀ ਅਤੇ ਇਸ ਨਾਲ ਇਕ ਪਰਮਾਣੂ ਪਲਾਂਟ ਨੂੰ ਵੀ ਨੁਕਸਾਨ ਪੁੱਜਾ, ਜਿਸ ਕਾਰਨ ਰੇਡੀਓਧਰਮੀ ਪ੍ਰਦੂਸ਼ਣ ਹੋਇਆ। ਅਮਰੀਕਾ ਦੇ ਵਰਜੀਨੀਆ ਟੈਕ ਦੇ ਇਕ ਸਹਾਇਕ ਪ੍ਰੋਫੈਸਰ ਰਾਬਰਟ ਵੇਸ ਨੇ ਕਿਹਾ, ''ਸਾਡਾ ਅਧਿਐਨ ਦੱਸਦਾ ਹੈ ਕਿ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਸੁਨਾਮੀ ਦੇ ਖਤਰੇ ਕਾਫੀ ਵਧ ਗਏ ਹਨ, ਜਿਸ ਦਾ ਮਤਲਬ ਇਹ ਹੈ ਕਿ ਭਵਿੱਖ ਵਿਚ ਛੋਟੀ ਸੁਨਾਮੀ ਦਾ ਵੀ ਵੱਡਾ ਭਿਆਨਕ ਪ੍ਰਭਾਵ ਪੈ ਸਕਦਾ ਹੈ।''


Related News