ਬ੍ਰਿਟੇਨ ''ਚ ਕੁਲਸੂਮ ਨਵਾਜ਼ ਦੀ ਹੋਈ ਤੀਜੀ ਕੈਂਸਰ ਸਰਜਰੀ

09/21/2017 6:58:53 PM

ਲੰਡਨ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਗਏ ਨਵਾਜ਼ ਸ਼ਰੀਫ ਦੀ ਪਤਨੀ ਕੁਲਸੂਮ ਨਵਾਜ਼ ਦਾ ਲੰਡਨ ਦੇ ਇਕ ਹਸਪਤਾਲ 'ਚ ਗਲੇ ਦੇ ਕੈਂਸਰ ਦੀ ਤੀਜੀ ਵਾਰ ਸਰਜਰੀ ਹੋਈ। ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਹਸਪਤਾਲ ਗਏ ਅਤੇ ਉਨ੍ਹਾਂ ਨੇ ਕੁਲਸੂਮ ਦੀ ਸਿਹਤ ਬਾਰੇ ਪੁੱਛਿਆ। ਮਰੀਅਮ ਨੇ ਪਾਕਿਸਤਾਨ ਦੇ ਲੋਕਾਂ ਨਾਲ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਣਾ ਕਰਨ ਦੀ ਅਪੀਲ ਕੀਤੀ। ਮਰੀਅਮ ਨਵਾਜ਼ ਨੇ ਇਕ ਛੋਟੀ ਵੀਡੀਓ ਕਲਿੱਪ ਟਵੀਟ ਕੀਤੀ, ਜਿਸ 'ਚ ਸ਼ਰੀਫ ਨੂੰ ਆਪਣੀ ਪਤਨੀ ਦਾ ਹੱਥ ਫੜਣ ਅਤੇ ਹਸਪਤਾਲ ਵੱਲ ਜਾਣ 'ਚ ਉਨ੍ਹਾਂ ਦੀ ਮਦਦ ਕਰਦੇ ਹੋਏ ਦਿਖਾਇਆ ਗਿਆ। ਕੁਲਸੂਮ ਨੇ ਬੀਤੇ ਐਤਵਾਰ ਨੂੰ ਲਾਹੌਰ ਦੀ ਐਨ.ਏ.120 ਸੀਟਾਂ 'ਤੇ ਚੋਣ ਜਿੱਤੀ ਸੀ। ਪਨਾਮਾ ਪੇਪਰ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਸ਼ਰੀਫ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਚੋਣ ਨੂੰ ਰੈਫਰੰਡਮ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ। ਸੁਪਰੀਮ ਕੋਰਟ ਵਲੋਂ ਇਸ ਮਾਮਲੇ 'ਚ 28 ਜੁਲਾਈ ਨੂੰ 67 ਸਾਲ ਦੇ ਸ਼ਰੀਫ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਉਦੋਂ ਤੋਂ ਪੂਰਾ ਸ਼ਰੀਫ ਪਰਿਵਾਰ ਫਿਲਹਾਲ ਲੰਡਨ 'ਚ ਹੈ। ਪਾਕਸਿਤਾਨੀ ਮੀਡੀਆ ਨੇ ਕਿਆਸ ਲਗਾਏ ਹਨ ਕਿ ਹੋ ਸਕਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ, ਉਨ੍ਹਾਂ ਦੇ ਪੁੱਤਰ, ਧੀ ਅਤੇ ਜਵਾਈ ਮੁਹੰਮਦ ਸਫਦਰ ਜਵਾਬਦੇਹੀ ਅਦਾਲਤ 'ਚ ਉਨ੍ਹਾਂ ਖਿਲਾਫ ਧਨ ਸ਼ੋਧਨ ਮਾਮਲੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਦੇਸ਼ ਵਾਪਸ ਨਹੀਂ ਪਰਤਿਆ। ਹਾਲਾਂਕਿ ਸੱਤਾਧਾਰੀ ਪੀ. ਐਮ. ਐਲ. ਐਨ. ਨੇ ਇਨ੍ਹਾਂ ਖਬਰਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਸ਼ਰੀਫ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਮਾਮਲੇ 'ਚ ਅਦਾਲਤ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪਾਰਟੀ ਨੇ ਕਿਹਾ ਕਿ ਪਤਨੀ ਦੀ ਸਿਹਤ ਸਥਿਤੀ ਕਾਰਨ ਉਨ੍ਹਾਂ ਨੇ ਲੰਡਨ 'ਚ ਆਪਣੇ ਵੀਜ਼ੇ ਦੀ ਤਰੀਕ ਵਧਾਈ ਹੈ।


Related News