TTP ਤੇ ਪਾਕਿ ਸਰਕਾਰ ਵਿਚਾਲੇ ਵਿਚੋਲਾ ਬਣਿਆ ਤਾਲਿਬਾਨ, ਹੱਕਾਨੀ ਨੇ ਸ਼ੁਰੂ ਕਰਵਾਈ ਗੱਲਬਾਤ

11/08/2021 3:54:27 PM

ਇਸਲਾਮਾਬਾਦ : ਤਾਲਿਬਾਨ ਪਾਬੰਦੀਸ਼ੁਦਾ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਤੇ ਪਾਕਿਸਤਾਨ ਸਰਕਾਰ ਵਿਚਾਲੇ ਗੱਲਬਾਤ ’ਚ ਵਿਚੋਲਗੀ ਕਰ ਰਿਹਾ ਹੈ। ਪਾਕਿਸਤਾਨੀ ਅਖਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ ਤਾਲਿਬਾਨੀ ਲੀਡਰਸ਼ਿਪ ਨੇ ਪਾਕਿਸਤਾਨ ਨੂੰ ਆਫਰ ਦਿੱਤਾ ਹੈ ਕਿ ਉਹ ਟੀ. ਟੀ. ਪੀ. ਅਤੇ ਹੋਰ ਸਮੂਹਾਂ ਨਾਲ ਗੱਲਬਾਤ ਸ਼ੁਰੂ ਕਰਵਾਏਗਾ। ਇਸੇ ਦੌਰਾਨ ਤਾਲਿਬਾਨ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਕੋਈ ਸਮੂਹ ਗੱਲਬਾਤ ਅਤੇ ਸਮਝੌਤੇ ਤੋਂ ਪ੍ਰਹੇਜ਼ ਕਰਦਾ ਹੈ ਤਾਂ ਉਸ ਦੇ ਵਿਰੁੱਧ ਫੌਜੀ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਸਰਕਾਰ ਅਤੇ ਟੀ. ਟੀ. ਪੀ. ਵਿਚਾਲੇ ਹੁਣ ਤੱਕ ਤਿੰਨ ਵਾਰ ਗੱਲਬਾਤ ਹੋ ਚੁੱਕੀ ਹੈ। ਇੱਕ ਮੀਟਿੰਗ ਕਾਬੁਲ ’ਚ ਹੋਈ ਅਤੇ ਦੋ ਮੀਟਿੰਗਾਂ ਖੋਸਤ ’ਚ ਹੋਈਆਂ ਹਨ। ਪਾਕਿਸਤਾਨ ਦੇ ਪਾਲਤੂ ਅਤੇ ਤਾਲਿਬਾਨ ਦੇ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨੇ ਇਸ ਗੱਲਬਾਤ ’ਚ ਵਿਚੋਲੇ ਦੀ ਭੂਮਿਕਾ ਨਿਭਾਈ ਹੈ। ਅਜਿਹੀਆਂ ਖਬਰਾਂ ਹਨ ਕਿ ਟੀ.ਟੀ.ਪੀ. ਨੇ ਆਪਣੇ ਲੋਕਾਂ ਨੂੰ ਛੱਡਣ ਦੇ ਬਦਲੇ ’ਚ ਇਕ ਮਹੀਨੇ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ।

ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਕਾਬੁਲ ’ਚ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਕਿ ਉਹ ਨਾਂ ਤਾਂ ਗੱਲਬਾਤ ਦੀਆਂ ਖ਼ਬਰਾਂ ਦੀ ਪੁਸ਼ਟੀ ਕਰਦੇ ਹਨ ਅਤੇ ਨਾ ਹੀ ਇਨਕਾਰ ਕਰਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਟੀ. ਟੀ. ਪੀ. ’ਚ ਸ਼ਾਮਲ ਕੁਝ ਧੜਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਗੱਲਬਾਤ ਦੇ ਇੱਛੁਕ ਹਨ। ਇਸ ਨਾਲ ਟੀ.ਟੀ.ਪੀ. ’ਚ ਫੁੱਟ ਪੈ ਜਾਵੇਗੀ ਅਤੇ ਉਹ ਕਮਜ਼ੋਰ ਹੋ ਜਾਵੇਗਾ। ਫਿਰ ਪਾਕਿਸਤਾਨੀ ਫੌਜ ਉਸ ਦੇ ਖਿਲਾਫ ਕਾਰਵਾਈ ਕਰੇਗੀ। ਦਰਅਸਲ, ਤਾਲਿਬਾਨ ਵੱਲੋਂ ਟੀ. ਟੀ. ਪੀ. ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੂੰ ਗੱਲਬਾਤ ਲਈ ਮਜਬੂਰ ਹੋਣਾ ਪਿਆ ਹੈ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨੇ ਪਿਛਲੇ ਦੋ ਹਫ਼ਤਿਆਂ ਤੋਂ ਦੱਖਣ-ਪੂਰਬੀ ਸੂਬੇ ਖੋਸਤ ’ਚ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦੀ ਮੇਜ਼ਬਾਨੀ ਕੀਤੀ। ਹਾਲਾਂਕਿ ਇਸਲਾਮਿਕ ਅਮੀਰਾਤ ਨੇ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਕਿ ਉਹ ਆਪਣੀ ਭੂਮਿਕਾ ਨਿਭਾਏਗਾ।

ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ, ‘‘ਇਸਲਾਮਿਕ ਅਮੀਰਾਤ ਦੀ ਸਥਿਤੀ ਇਹ ਹੈ ਕਿ ਇਹ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।’’ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਗੱਲਬਾਤ ਦੀ ਵਿਚੋਲਗੀ ਅਫਗਾਨਿਸਤਾਨ ਦੇ ਹਿੱਤ ਵਿਚ ਹੋਵੇਗੀ ਜਾਂ ਨਹੀਂ, ਇਸ ’ਤੇ ਵੱਖ-ਵੱਖ ਵਿਚਾਰ ਹਨ। ਇਸ ਤੋਂ ਪਹਿਲਾਂ ਟੀ.ਟੀ.ਪੀ. ਨੇ ਜੰਗਬੰਦੀ ਦੀ ਪਹਿਲੀ ਸ਼ਰਤ ਵਜੋਂ ਆਪਣੇ ਬੰਦੀਆਂ ਦੀ ਰਿਹਾਈ ’ਤੇ ਜ਼ੋਰ ਦਿੱਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਟੀ.ਟੀ.ਪੀ. ਨਾਲ ਗੱਲਬਾਤ ’ਚ ਸ਼ਾਮਲ ਹੈ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਰਾਸ਼ਟਰੀ ਏਕਤਾ ਅੰਦੋਲਨ ਦੇ ਨੇਤਾ ਸਈਦ ਇਸ਼ਾਕ ਗਿਲਾਨੀ ਨੇ ਕਿਹਾ ਕਿ ਚੱਲ ਰਹੀ ਗੱਲਬਾਤ ਨੂੰ ਇਸਲਾਮਿਕ ਅਮੀਰਾਤ ਲਈ ਇਕ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜੇ ਸਿਰਾਜੂਦੀਨ ਹੱਕਾਨੀ ਨੇ ਗੱਲਬਾਤ ’ਚ ਮਦਦ ਕੀਤੀ ਤਾਂ ਇਹ ਅਫ਼ਗਾਨਿਸਤਾਨ ਦੇ ਲੋਕਾਂ ਲਈ ਸਨਮਾਨ ਦੀ ਗੱਲ ਹੈ। ਟੀ.ਟੀ.ਪੀ. 2007 ਤੋਂ ਪਾਕਿਸਤਾਨ ਦੇ ਕਈ ਹਿੱਸਿਆਂ ’ਚ ਸਰਗਰਮ ਹੈ।


Manoj

Content Editor

Related News