ਪਾਕਿ ਦੀ ਜਿੱਤ ਦੇ ਜਸ਼ਨ ਨੇ ਲਈ 15 ਸਾਲਾ ਲੜਕੇ ਦੀ ਜਾਨ

06/20/2017 11:52:45 PM

ਕਰਾਚੀ— ''ਪਾਪਾ, ਮੈਨੂੰ ਗੋਲੀ ਲੱਗ ਗਈ ਹੈ'' 15 ਸਾਲਾ ਹੁਸੈਨ ਦੇ ਇਹ ਆਖਰੀ ਅਲਫਾਜ਼ ਸਨ, ਜਿਸ ਨੂੰ ਚੈਂਪੀਅਨਸ ਟਰਾਫੀ ਫਾਈਨਲ ਵਿਚ ਭਾਰਤ 'ਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਜਸ਼ਨ ਵਿਚ ਹੋਈ ਗੋਲੀਬਾਰੀ ਵਿਚ ਗੋਲੀ ਲੱਗ ਗਈ।
ਜਿਸ ਸਮੇਂ ਪੂਰਾ ਪਾਕਿਸਤਾਨ ਜਿੱਤ ਦੇ ਖੁਮਾਰ ਵਿਚ ਡੁੱਬਾ ਸੀ, ਸੱਯਦ ਹੁਸੈਨ ਰਜ਼ਾ ਜੈਦੀ ਇੱਥੇ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਵਿਚ ਜ਼ਿੰਦਗੀ ਲਈ ਜੂਝ ਰਿਹਾ ਸੀ। ਸੱਯਦ ਕਾਜ਼ਿਮ ਰਜ਼ਾ ਜੈਦੀ ਦੇ ਪਰਿਵਾਰ ਲਈ ਜਿੱਤ ਦਾ ਜਸ਼ਨ ਮਾਤਮ ਵਿਚ ਬਦਲ ਗਿਆ, ਕਿਉਂਕਿ ਜਸ਼ਨ ਵਿਚ ਚੱਲੀ ਗੋਲੀ ਉਸਦੇ ਹੁਸੈਨ ਦੀ ਜ਼ਿੰਦਗੀ ਲੈ ਗਈ।
ਇਹ ਇਕੱਲੀ ਅਜਿਹੀ ਘਟਨਾ ਨਹੀਂ ਹੈ, ਸਗੋਂ ਦੇਸ਼ ਦੇ ਕਈ ਹਿੱਸਿਆਂਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਹਨ। ਹੁਸੈਨ ਉਸ ਸਮੇਂ ਆਪਣੇ ਮਕਾਨ ਦੀ ਬਾਲਕਾਨੀ ਵਿਚ ਖੜ੍ਹਾ ਹੋ ਕੇ ਆਤਿਸ਼ਬਾਜ਼ੀ ਦੇਖ ਰਿਹਾ ਸੀ। ਉਸ ਨੇ ਆਪਣੇ ਵਾਲਿਦ ਨੂੰ ਕਿਹਾ ਕਿ ਪਾਪਾ ਕੁਝ ਲੋਕ ਪਾਕਿਸਤਾਨ ਦੇ ਚੈਂਪੀਅਨ ਬਣਨ 'ਤੇ ਗੋਲੀਆਂ ਚਲਾ ਰਹੇ ਹਨ।
ਕਾਜ਼ਿਮ ਨੇ ਆਪਣੇ ਬੇਟੇ ਨੂੰ ਅੰਦਰ ਆਉਣ ਨੂੰ ਕਿਹਾ ਤੇ ਜਿਵੇਂ ਹੀ ਹੁਸੈਨ ਅੰਦਰ ਆਇਆ, ਉਹ ਚੀਖਦਾ ਹੋਇਆ ਬੋਲਿਆ ਕਿ ਪਾਪਾ, ਮੈਨੂੰ ਗੋਲੀ ਲੱਗ ਗਈ ਹੈ। ਹੁਸੈਨ ਦੇ ਚਾਚਾ ਸੱਯਦ ਹਸਨ ਰਜ਼ਾ ਜੈਦੀ ਨੇ ਕਿਹਾ ਕਿ ਉਹ ਉਸਦੇ ਆਖਰੀ ਸ਼ਬਦ ਸਨ।ਹੁਸੈਨ ਦੇ ਮਾਤਾ-ਪਿਤਾ ਉਸ ਨੂੰ ਲੈ ਕੇ ਜੇ.ਪੀ.ਐੱਮ.ਪੀ. ਗਏ ਪਰ ਤਦ ਤਕ ਬਹੁਤ ਖੂਨ ਬਹਿ ਚੁੱਕਾ ਸੀ। ਉਸ ਨੇ ਰਾਤ ਦੋ ਵਜੇ ਆਖਰੀ ਸਾਹ ਲਿਆ।


Related News