ਪੰਜਾਬੀਆਂ ਦੀ ਸ਼ਰਮਨਾਕ ਕਰਤੂਤ, ਔਟੀਜ਼ਮ ਪੀੜਤ ਵਿਅਕਤੀ ਨਾਲ ਕੀਤੀ ਕੁੱਟਮਾਰ

Friday, May 18, 2018 - 12:56 AM (IST)

ਪੰਜਾਬੀਆਂ ਦੀ ਸ਼ਰਮਨਾਕ ਕਰਤੂਤ, ਔਟੀਜ਼ਮ ਪੀੜਤ ਵਿਅਕਤੀ ਨਾਲ ਕੀਤੀ ਕੁੱਟਮਾਰ

ਮਿਸੀਸਾਗਾ—ਪੀਲ ਪੁਲਸ ਨੇ ਮਿਸੀਸਾਗਾ 'ਚ ਬੀਤੇ ਮਾਰਚ ਮਹੀਨੇ ਦੌਰਾਨ ਇਕ ਔਟੀਜ਼ਮ ਪੀੜਤ ਨਾਲ ਕੁੱਟਮਾਰ ਕਰਨ ਵਾਲੇ ਤੀਜੇ ਸ਼ੱਕੀ ਮੁਲਜ਼ਮ ਦੀ ਵੀ ਪਛਾਣ ਕਰ ਲਈ ਹੈ। ਇਸ ਮਾਮਲੇ 'ਚ ਪੀਲ ਪੁਲਸ ਨੇ 21 ਸਾਲਾਂ ਜਸਪਾਲ ਉੱਪਲ ਵਿਰੁੱਧ ਕੈਨੇਡਾ ਪੱਧਰ ਉੱਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ਪਰ ਜਸਪਾਲ ਉੱਪਲ ਦਾ ਕੋਈ ਪੱਕਾ ਪਤਾ ਨਹੀਂ ਮਿਲਿਆ ਹੈ। ਪੀਲ ਰੀਜਨ ਨੇ 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਮਿਸੀਸਾਗਾ ਦੇ ਔਟੀਜ਼ਮ ਪੀੜਤ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮਿਸੀਸਾਗਾ 'ਚ ਸਕੇਅਰ ਵਨ ਬੱਸ ਟਰਮੀਨਲ ਤੋਂ ਬੀਤੀ 13 ਮਾਰਚ ਨੂੰ ਰਾਤ ਵੇਲੇ ਪੁਲਸ ਨੂੰ ਫੋਨ ਆਇਆ ਸੀ ਕਿ ਤਿੰਨ ਵਿਅਕਤੀ ਪੌੜੀਆਂ 'ਤੇ ਬੈਠ ਕੇ ਇਕ 29 ਸਾਲਾਂ ਨੌਜਵਾਨ ਨਾਲ ਕੁੱਟਮਾਰ ਕਰ ਰਹੇ ਹਨ। ਇਹ ਨੌਜਵਾਨ ਔਟੀਜ਼ਮ ਤੋਂ ਪੀੜਤ ਹੈ।

ਉਨ੍ਹਾਂ ਨੇ ਪੁਲਸ ਦੇ ਆਉਣ ਤੋਂ ਪਹਿਲਾਂ ਉਸ ਨੌਜਵਾਨ ਨੂੰ ਮੁੱਕਿਆਂ ਅਤੇ ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਜਿਸ ਦੀ ਫੁੱਟੇਜ ਨੂੰ ਬਾਅਦ 'ਚ ਪੁਲਸ ਨੇ ਜਨਤਕ ਕੀਤਾ। ਪੀੜਤ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੀ.ਸੀ.ਟੀ.ਵੀ. ਫੁੱਟੇਜ ਜਾਰੀ ਹੋਣ ਤੋਂ ਬਾਅਦ ਕੁਝ ਦਿਨ੍ਹਾਂ ਬਾਅਦ ਇਸ ਮਾਮਲੇ 'ਚ ਪੁਲਸ ਨੇ ਪਰਮਵੀਰ ਸਿੰਘ ਚਾਹਿਲ (21 ਸਾਲਾਂ) ਅਤੇ ਰਨਜੋਤ ਸਿੰਘ ਧਾਮੀ (25 ਸਾਲਾਂ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉੱਤੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ਲਗਾਏ ਸਨ। ਇਸ ਮਾਮਲੇ 'ਚ ਲੋੜੀਂਦੇ ਤੀਜੇ ਵਿਅਕਤੀ ਦੀ ਪਛਾਣ ਵੀ ਹੁਣ ਹੋ ਗਈ ਹੈ ਪਰ ਅਜੇ ਉਹ ਪੁਲਸ ਦੀ ਗ੍ਰਿਫਤ ਚੋਂ ਬਾਹਰ ਹੈ। ਪੁਲਸ ਨੇ ਦੱਸਿਆ ਕਿ ਤਿੰਨ ਸ਼ੱਕੀ ਮੁਲਜ਼ਮ ਵੈਨਕੁਵਰ ਖੇਤਰ ਤੋਂ ਗਰੇਟਰ ਟੋਰਾਂਟੋ ਏਰੀਏ (ਜੀ.ਟੀ.ਏ.) 'ਚ ਆਏ ਸਨ। ਪਰਮਵੀਰ ਸਿੰਘ ਚਾਹਿਲ ਨੂੰ 25 ਹਜ਼ਾਰ ਡਾਲਰ ਦੇ ਮੁਚਲਕੇ 'ਤੇ ਰਿਹਾਰ ਕਰ ਦਿੱਤਾ ਗਿਆ ਸੀ ਪਰ ਰਨਜੋਤ ਧਾਮੀ ਅਜੇ ਪੁਲਸ ਹਿਰਾਸਤ 'ਚ ਹੀ ਹੈ।


Related News