ਮਹਾਰਾਣੀ ਐਲਿਜਾਬੈਥ ਦੋਇਮ ਦੀ ਮ੍ਰਿਤਕ ਦੇਹ ਸਕਾਟਿਸ਼ ਰਾਜਧਾਨੀ ਲਿਆਂਦੀ ਗਈ
Monday, Sep 12, 2022 - 04:24 PM (IST)
ਐਡਿਨਬਰਾ (ਮਨਦੀਪ ਖੁਰਮੀ ਹਿੰਮਤਪੁਰਾ)- ਮਹਾਰਾਣੀ ਐਲਿਜਾਬੈਥ ਦੋਇਮ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਵੱਲੋਂ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹ ਕੇ ਘੰਟਿਆਂ ਬੱਧੀ ਇੰਤਜ਼ਾਰ ਕੀਤਾ ਗਿਆ। ਬਾਲਮੋਰਲ ਮਹਿਲ ਤੋਂ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਸਥਿਤ ਹੋਲੀਰੂਡਹਾਊਸ ਤੱਕ ਤਾਬੂਤ ਲਿਜਾਣ ਲਈ ਸੜਕੀ ਰਸਤੇ ਦੀ ਚੋਣ ਕੀਤੀ ਗਈ ਸੀ। ਮੋਟਰਵੇਅ 'ਤੇ ਰੁਕੇ ਹੋਏ ਟ੍ਰੈਫਿਕ ਦੌਰਾਨ ਲੋਕਾਂ ਵੱਲੋਂ ਮਹਾਰਾਣੀ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕੀਤੇ ਗਏ।

ਆਮ ਨਿਰਧਾਰਤ ਗਤੀ ਨਾਲੋਂ ਬਹੁਤ ਹੀ ਘੱਟ ਸਪੀਡ 'ਤੇ ਜਾਂਦੀਆਂ ਗੱਡੀਆਂ ਦੇ ਵਹੀਰ ਨਾਲ ਮਹਾਰਾਣੀ ਦੀ ਮ੍ਰਿਤਕ ਦੇਹ ਐਡਿਨਬਰਾ ਲਿਜਾਈ ਗਈ ਹੈ। ਮ੍ਰਿਤਕ ਦੇਹ ਹੋਲੀਰੂਡਹਾਊਸ ਵਿਖੇ ਰੱਖਣ ਉਪਰੰਤ ਇਤਿਹਾਸਕ ਸੇਂਟ ਗਾਈਲਸ ਕੈਥੇਡ੍ਰਲ ਵਿਖੇ ਵੀ 24 ਘੰਟੇ ਲਈ ਰੱਖੀ ਜਾਵੇਗੀ। ਦਰਸ਼ਨਾਂ ਦੇ ਚਾਹਵਾਨ ਲੋਕਾਂ ਨੂੰ ਵਿਸ਼ੇਸ਼ ਹਦਾਇਤਾਂ ਬੇਨਤੀਆਂ ਵੀ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਆਪਣੇ ਨਾਲ ਲਿਆਉਣ ਅਤੇ ਨਾ ਲਿਆਉਣ ਵਾਲੀਆਂ ਚੀਜਾਂ ਦੀ ਲਿਸਟ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ। ਐਡਿਨਬਰਾ ਦੇ ਬਹੁਤ ਸਾਰੇ ਰਸਤੇ ਬੰਦ ਕਰਨ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕੀਤੇ ਗਏ ਹਨ। ਲੋਕਾਂ ਵੱਲੋਂ ਮਹਾਰਾਣੀ ਦੀ ਯਾਦ ਵਿੱਚ ਹੋਲੀਰੂਡਹਾਊਸ ਦੇ ਬਾਹਰ ਫੁੱਲ ਭੇਂਟ ਕਰਕੇ ਸਤਿਕਾਰ ਦਾ ਇਜਹਾਰ ਕੀਤਾ ਜਾ ਰਿਹਾ ਹੈ।
