ਅਮਰੀਕਾ ’ਚ ਨੈਸ਼ਨਲ ਗਾਰਡ ਚਲਾਉਣਗੇ ਸਕੂਲੀ ਬੱਸਾਂ

Wednesday, Sep 15, 2021 - 10:12 PM (IST)

ਅਮਰੀਕਾ ’ਚ ਨੈਸ਼ਨਲ ਗਾਰਡ ਚਲਾਉਣਗੇ ਸਕੂਲੀ ਬੱਸਾਂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕਈ ਸੂਬਿਆਂ ਦੇ ਸਕੂਲ ਬੱਸ ਡਰਾਈਵਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸੇ ਘਾਟ ਦੇ ਚਲਦਿਆਂ ਮੈਸਾਚੂਸੇਟਸ ਦੇ ਰਾਜਪਾਲ ਚਾਰਲੀ ਬੇਕਰ ਨੇ ਆਪਣੇ ਰਾਜ ’ਚ ਸਕੂਲੀ ਡਰਾਈਵਰਾਂ ਦੀ ਘਾਟ ਦੇ ਹੱਲ ਲਈ ਨੈਸ਼ਨਲ ਗਾਰਡ ਮੈਂਬਰ ਤਾਇਨਾਤ ਕੀਤੇ ਹਨ। ਸੂਬਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਸਕੂਲ ਤੋਂ ਲਿਆਉਣ/ਲਿਜਾਣ ਲਈ ਤਕਰੀਬਨ 250 ਮੈਸਾਚੂਸੇਟਸ ਗਾਰਡ ਮੈਂਬਰ ਉਪਲੱਬਧ ਕਰਵਾਏ ਹਨ।

ਗਵਰਨਰ ਅਨੁਸਾਰ ਨੈਸ਼ਨਲ ਗਾਰਡ ਦੇ ਕਰਮਚਾਰੀ ਵਿਦਿਆਰਥੀਆਂ ਲਈ ਵਿਸ਼ੇਸ਼ ਸਕੂਲੀ ਟਰਾਂਸਪੋਰਟ ਵੈਨਾਂ ਚਲਾਉਣਗੇ ਅਤੇ ਅਸਥਾਈ ਡਰਾਈਵਰ ਬਣਨ ਤੋਂ ਪਹਿਲਾਂ ਉਹ ਵਾਹਨ ਦੀ ਸਿਖਲਾਈ ਲੈਣਗੇ, ਜਿਸ ਦੇ ਤਹਿਤ ਮੰਗਲਵਾਰ ਨੂੰ 90 ਗਾਰਡ ਮੈਂਬਰਾਂ ਨੇ ਚੇਲਸੀ, ਲਾਰੈਂਸ, ਲੋਵੇਲ ਅਤੇ ਲੀਨ ਸਮੇਤ ਸਕੂਲੀ ਜ਼ਿਲ੍ਹਿਆਂ ਲਈ ਸਿਖਲਾਈ ਦੀ ਤਿਆਰੀ ਸ਼ੁਰੂ ਕੀਤੀ। ਦੇਸ਼ ਭਰ ਦੇ ਸਕੂਲੀ ਡਿਸਟ੍ਰਿਕਟ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਕੂਲ ਬੱਸ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੇ ਹਨ। ਨੈਸ਼ਨਲ ਸਕੂਲ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਕਰਟ ਮੈਕਸੀਨ ਅਨੁਸਾਰ ਆਮ ਤੌਰ ’ਤੇ ਪਿਛਲੇ ਕੁਝ ਸਾਲਾਂ ਦੌਰਾਨ ਸਕੂਲੀ ਸਾਲ ਦੀ ਸ਼ੁਰੂਆਤ ’ਚ ਬੱਸ ਡਰਾਈਵਰਾਂ ਦੀ ਘਾਟ ਸੀ ਪਰ ਮਹਾਮਾਰੀ ਨੇ ਇਸ ਨੂੰ ਹੋਰ ਵਧਾ ਦਿੱਤਾ।


author

Manoj

Content Editor

Related News