ਮੀਡੀਆ ਨੇ ਤਲਵਿੰਦਰ ਸਿੰਘ ਪਰਮਾਰ ਨੂੰ ''ਸ਼ਹੀਦ'' ਮੰਨੇ ਜਾਣ ''ਤੇ ਜਗਮੀਤ ਸਿੰਘ ਨੂੰ ਘੇਰਿਆ

Saturday, Oct 28, 2017 - 02:18 AM (IST)

ਮੀਡੀਆ ਨੇ ਤਲਵਿੰਦਰ ਸਿੰਘ ਪਰਮਾਰ ਨੂੰ ''ਸ਼ਹੀਦ'' ਮੰਨੇ ਜਾਣ ''ਤੇ ਜਗਮੀਤ ਸਿੰਘ ਨੂੰ ਘੇਰਿਆ

ਟੋਰਾਂਟੋ — ਕੈਨੇਡਾ ਦੀ ਕੌਮੀ ਪਾਰਟੀ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਕਿਸੇ ਨਾਲ ਕਿਸੇ ਮੁੱਦੇ ਨੂੰ ਲੈ ਕੇ ਅੱਜ ਕੱਲ ਮੀਡੀਆ 'ਚ ਛਾਏ ਰਹਿੰਦੇ ਹਨ। ਹਾਲੀਆ ਉਨ੍ਹਾਂ ਦੇ 'ਖੁਦ ਮੁਖਤਿਆਰੀ' ਅਤੇ 'ਬੁਨਿਆਦੀ ਅਧਿਕਾਰੀ' ਵਾਲੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਗਰਮੀ ਲਿਆ ਦਿੱਤੀ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਉਨ੍ਹਾਂ ਵਿਰੁਧ ਮੋਰਚਾ ਖੋਲ੍ਹ ਦਿੱਤਾ ਸੀ। ਹੁਣ ਜਗਮੀਤ ਸਿੰਘ ਏਅਰ ਇੰਡੀਆ ਕਾਂਡ ਨੂੰ ਲੈ ਕੇ ਇਕ ਵਾਰ ਮੁੜ ਚਰਚਾ 'ਚ ਆ ਗਏ ਹਨ। 
ਅੰਮ੍ਰਿਤਧਾਰੀ ਜਗਮੀਤ ਸਿੰਘ ਦੇ ਪ੍ਰਧਾਨ ਬਣਦਿਆਂ ਸਾਰ ਇਕ ਨਿਊਜ਼ ਚੈਨਲ ਨੇ ਉਸ ਨੂੰ ਕਨਿਸ਼ਕ ਕਾਂਡ ਨਾਲ ਸਬੰਧਤ ਤਲਵਿੰਦਰ ਪਰਮਾਰ ਬਾਰੇ ਸ਼ਪੱਸ਼ਟੀਕਰਨ ਮੰਗ ਕੇ ਇਸ ਬਹਿਸ ਨੂੰ ਸ਼ੁਰੂ ਕੀਤਾ। ਕੈਨੇਡਾ ਦੇ ਧਾਰਮਿਕ ਜਲੂਸਾਂ 'ਚ ਪਰਮਾਰ ਦੀਆਂ ਫੋਟੋਆਂ ਚੁੱਕਣ ਅਤੇ ਉਸ ਨੂੰ ਸ਼ਹੀਦ ਮੰਨੇ ਜਾਣ ਦਾ ਜਗਮੀਤ ਸਿੰਘ ਤੋਂ ਜਵਾਬ ਮੰਗਿਆ। ਇਸ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਜਗਮੀਤ ਸਿੰਘ ਨੇ ਮਨੁੱਖਤਾ ਦੇ ਘਾਣ ਦੀ ਨਿੰਦਾ ਕਰਨ ਦੀ ਗੱਲ ਕਹੀ। 
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਕਨਿਸ਼ਕ ਜਹਾਜ਼ ਨੂੰ ਬੰਬ ਧਮਾਕੇ 'ਚ ਉਡਾਉਣ ਵਾਲੇ ਤਲਵਿੰਦਰ ਸਿੰਘ ਪਰਮਾਰ ਨੂੰ ਕੈਨੇਡਾ ਦੇ ਕੁਝ ਸਿੱਖਾਂ ਵੱਲੋਂ ਸ਼ਹੀਦ ਦਸ ਕੇ ਉਸ ਦੇ ਪੋਸਟਰ ਲਾਉਣੇ ਜਾਇਜ਼ ਹਨ? ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਫੈਲੇ ਭਰਮ ਨੂੰ ਖਤਮ ਕਰਨ ਦੀ ਲੋੜ ਹੈ। ਇਸ ਮਾਮਲੇ 'ਚ ਹਿੰਦੂਆਂ ਅਤੇ ਸਿੱਖਾਂ ਦੇ ਮਨ 'ਚੋਂ ਭਰਮ ਕੱਢਣ ਲਈ ਬਹੁਤ ਸਾਰਾ ਕੰਮ ਕੀਤਾ ਜਾਣਾ ਜ਼ਰੂਰੀ ਹੈ। ਮੇਰੇ ਬਹੁਤ ਸਾਰੇ ਕਰੀਬੀ ਦੋਸਤ ਹਨ ਜਿਨ੍ਹਾਂ ਦੇ ਹਿੰਦੀਆਂ ਨਾਲ ਪਰਿਵਾਰਕ ਰਿਸ਼ਤੇ ਹਨ। ਉਹ ਦੱਸਦੇ ਹਨ ਕਿ ਕਿਵੇਂ ਹਿੰਦੂਆਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵੇਲੇ ਆਪਣੀ ਜਾਨ ਜ਼ੋਖਮ 'ਚ ਪਾ ਕੇ ਉਨ੍ਹਾਂ ਦੀ ਜਾਨ ਬਚਾਈ ਸੀ। ਇਸ ਲਈ ਮੇਰੇ ਮੁੱਖ ਟੀਚਿਆਂ 'ਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਭਰਮ ਕੱਢਣ ਦਾ ਟੀਚਾ ਵੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਨਿਸ਼ਕ ਕਾਂਡ ਲਈ ਕੌਣ ਜ਼ਿੰਮੇਵਾਰ ਹੈ? ਕੀ ਤੁਸੀਂ ਤਲਵਿੰਦਰ ਸਿੰਘ ਪਰਮਾਰ ਦੀ ਨਿਖੇਧੀ ਕਰਦੇ ਹੋ ਤਾਂ ਉਹ ਗੋਲ ਮੋਲ ਜਵਾਬ ਦੇ ਗਏ। ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਕਿ ਕਨਿਸ਼ਕ ਬੰਬ ਧਮਾਕੇ ਲਈ ਕੌਣ ਜ਼ਿੰਮੇਵਾਰ ਹੈ, ਸਾਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਇਸ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦਾ ਹੈ। ਸਮਾਜਿਕ ਤੌਰ 'ਤੇ ਸਾਨੂੰ ਇਕੱਠੇ ਹੋ ਕੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਅੱਤਵਾਦ ਦਾ ਵਿਰੋਧ ਕਰਨਾ ਚਾਹੀਦਾ ਹੈ। 
ਜਗਮੀਤ ਸਿੰਘ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਕਨਿਸ਼ਕ ਕਾਂਡ 'ਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ 286 ਕੈਨੇਡੀਅਨ ਲੋਕ ਸਨ। 'ਟੋਰਾਂਟੋ ਸਨ' ਦੇ ਕਾਲਮਨਵੀਸ ਤਾਰਿਕ ਫਤਿਹ ਨੇ ਸਾਬਕਾ ਮੰਤਰੀ ਉੱਜਲ ਦੁਸਾਂਝ ਨੇ ਵੀ ਜਗਮੀਤ ਸਿੰਘ ਦੀ ਨਿਖੇਧੀ ਕੀਤੀ। ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਉਸ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇ ਉਹ ਕੈਨੇਡਾ ਦੇ ਲੋਕਾਂ ਦਾ ਲੀਡਰ ਅਤੇ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਤਲਵਿੰਦਰ ਸਿੰਘ ਪਰਮਾਰ ਬਾਰੇ ਆਪਣਾ 'ਸਟੈਂਡ' ਸਪੱਸ਼ਟ ਕਰਨਾ ਚਾਹੀਦਾ ਹੈ। ਵੈਨਕੂਵਰ ਤੋਂ ਐੱਨ. ਡੀ. ਪੀ. ਐੱਮ. ਐੱਲ. ਏ. ਰਚਨਾ ਸਿੰਘ ਉਸ ਦੇ ਪੱਖ 'ਚ ਖੜ੍ਹੀ ਹੈ। ਜਗਮੀਤ ਸਿੰਘ ਨੇ ਹੁਣ ਤੱਕ ਸਿਰਫ ਇਹੋ ਆਖਿਆ ਹੈ ਕਿ ਪੱਤਰਕਾਰਾਂ ਦੇ ਸਵਾਲ ਨਸਲੀ ਵਿਤਕਰੇ ਤੋਂ ਉਪਜੇ ਹਨ, ਜਿਹੜੇ ਉਸ ਨੂੰ ਵਾਜਬ ਨਹੀਂ ਲੱਗੇ। ਇਸ ਬਾਰੇ ਸੋਸ਼ਲ ਮੀਡੀਆ ਅਤੇ ਦੇਸੀ ਭਾਈਚਾਰੇ 'ਚ ਵੀ ਕਈ ਤਰ੍ਹਾਂ ਦੇ ਮਤਭੇਦ ਪੈਦਾ ਹੋ ਗਏ ਹਨ। ਕਈ ਜਗਮੀਤ ਸਿੰਘ ਨੂੰ ਨਸੀਹਤਾਂ ਦੇ ਰਹੇ ਹਨ ਅਤੇ ਬਹੁਤੇ ਉਸ ਨੂੰ ਕਨਿਸ਼ਕ ਕਾਂਡ 'ਚ ਘਸੀਟਣ ਦਾ ਵਿਰੋਧ ਕਰ ਰਹੇ ਹਨ।


Related News