ਕੁਝ ਮਿੰਟਾਂ ਦਾ ਧਿਆਨ ਦਿਲ ਨੂੰ ਰੱਖੇਗਾ ਸੁਰੱਖਿਅਤ

Monday, Oct 09, 2017 - 09:40 PM (IST)

ਨਿਊਯਾਰਕ (ਏਜੰਸੀਆਂ)— ਬਦਲਦੇ ਲਾਈਫ ਸਟਾਈਲ ਕਾਰਨ ਦਿਲ ਨਾਲ ਸੰਬੰਧਤ ਬੀਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਇਸ ਦਾ ਇਲਾਜ ਮਹਿੰਗਾ ਹੋਣ ਕਾਰਨ ਮੌਤਾਂ ਵੀ ਜ਼ਿਆਦਾ ਹੁੰਦੀਆਂ ਹਨ। ਅਜਿਹੇ ਵਿਚ ਕੁਝ ਉਪਾਅ ਅਜਿਹੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਰੱਖ ਸਕਦੇ ਹੋ। ਇਨ੍ਹਾਂ ਉਪਾਵਾਂ ਵਿਚੋਂ ਇਕ ਧਿਆਨ (ਮੈਡੀਟੇਸ਼ਨ) ਵੀ ਹੈ। ਇਕ ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਹਰ ਰੋਜ਼ ਕੁਝ ਮਿੰਟ ਮੈਡੀਟੇਸ਼ਨ ਦੀ ਮਦਦ ਨਾਲ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦੇ ਖਤਰੇ ਨੂੰ ਬਹੁਤ ਘਟਾਇਆ ਜਾ ਸਕਦਾ ਹੈ।
ਧਿਆਨ ਨਾਲ ਤਣਾਅ ਤੇ ਚਿੰਤਾ ਦਾ ਪੱਧਰ ਘੱਟ ਹੁੰਦੈ
ਅਮਰੀਕੀ ਹਾਰਟ ਐਸੋਸੀਏਸ਼ਨ ਦੇ ਖੋਜਕਾਰਾਂ ਨੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿਚ ਧਿਆਨ ਦੀ ਭੂਮਿਕਾ ਜਾਣਨ ਲਈ ਪਹਿਲਾਂ ਦੀਆਂ ਖੋਜਾਂ ਦੀ ਸਮੀਖਿਆ ਕੀਤੀ ਹੈ। ਇਸ ਨਾਲ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਮੈਡੀਟੇਸ਼ਨ (ਧਿਆਨ) ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਵਿਚ ਬਹੁਤ ਕਾਰਗਰ ਹੈ। ਖਾਸ ਤੌਰ 'ਤੇ ਇਸ ਨਾਲ ਤਣਾਅ ਤੇ ਚਿੰਤਾ ਦਾ ਪੱਧਰ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਘੱਟ ਹੁੰਦਾ ਹੈ, ਜਿਸ ਨਾਲ ਹਾਰਟ ਡਿਸੀਜ਼ ਦਾ ਖਤਰਾ ਘਟ ਜਾਂਦਾ ਹੈ। ਖੋਜਕਾਰਾਂ ਨੇ ਆਪਣੀ ਖੋਜ ਨੂੰ ਬੈਠ ਕੇ ਕੀਤੇ ਜਾਣ ਵਾਲੇ ਮੈਡੀਟੇਸ਼ਨ 'ਤੇ ਫੋਕਸ ਕੀਤਾ। ਇਸ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਨਾ ਸਿਰਫ ਦਿਲ ਦੀਆਂ ਬੀਮਾਰੀਆਂ ਵਿਚ ਸਗੋਂ ਇਹ ਬਿਹਤਰ ਨੀਂਦ ਲਿਆਉਣ ਵਿਚ ਵੀ ਬਹੁਤ ਕਾਰਗਰ ਹੈ।
ਬੀਮਾਰੀ ਦਾ ਪਹਿਲਾ ਇਲਾਜ ਲਾਈਫ ਸਟਾਈਲ 'ਚ ਬਦਲਾਅ
ਮੈਡੀਟੇਸ਼ਨ ਦੀ ਮਦਦ ਨਾਲ ਇਨਸਾਨ ਸਿਗਰਟਨੋਸ਼ੀ ਵੀ ਛੱਡ ਸਕਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਸਟੱਡੀ ਵਿਚ ਭਾਗ ਲੈਣ ਵਾਲੇ ਇਕ ਖੋਜਕਾਰ ਡਾ. ਗਲੇਨ ਲੇਵਿਨ ਨੇ ਦੱਸਿਆ ਕਿ ਮੈਡੀਟੇਸ਼ਨ ਇਕ ਤਕਨੀਕ ਹੈ, ਜਿਸ ਨੂੰ ਅਜ਼ਮਾਇਆ ਜਾ ਸਕਦਾ ਹੈ। ਹਾਲਾਂਕਿ ਖੋਜਕਾਰਾਂ ਨੇ ਮੈਡੀਟੇਸ਼ਨ ਨਾਲ ਹਾਰਟ ਅਟੈਕ ਦੇ ਖਤਰੇ ਨੂੰ ਘੱਟ ਕਰਨ ਦੀ ਗੱਲ ਕਹੀ ਹੈ ਪਰ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਜ਼ੋਰ ਲਾਈਫ ਸਟਾਈਲ ਵਿਚ ਸੁਧਾਰ ਲਿਆਉਣ 'ਤੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਇਸ ਬੀਮਾਰੀ ਦਾ ਪਹਿਲਾ ਇਲਾਜ ਲਾਈਫ ਸਟਾਈਲ ਵਿਚ ਬਦਲਾਅ ਹੈ।


Related News