ਕੌੜਾ ਸੱਚ : ਕੈਨੇਡਾ ਤੋਂ ਪੰਜਾਬੀਆਂ ਦਾ ਮੋਹ ਹੋਇਆ ਭੰਗ, ਦੂਜੇ ਦੇਸ਼ਾਂ ਵੱਲ ਕਰ ਰਹੈ ਰੁਖ਼
Sunday, Dec 17, 2023 - 10:56 AM (IST)
ਇੰਟਰਨੈਸ਼ਨਲ ਡੈਸਕ- ਆਮਤੌਰ 'ਤੇ ਪੰਜਾਬੀ ਜਿੱਥੇ ਕੈਨੇਡਾ ਜਾਣ ਵਿਚ ਮਾਣ ਮਹਿਸੂਸ ਕਰਦੇ ਸਨ, ਉੱਥੇ ਮੌਜੂਦਾ ਹਾਲਤ ਬਦਲ ਗਏ ਹਨ। ਇਕ ਉਹ ਵੀ ਸਮਾਂ ਸੀ ਜਦੋਂ ਕੈਨੇਡਾ ਪ੍ਰਵਾਸੀਆਂ ਲਈ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਸੀ ਪਰ ਬੀਤੇ ਕੁਝ ਮਹੀਨਿਆਂ ਤੋਂ ਸਥਿਤੀ ਬਦਲ ਗਈ ਹੈ। ਪੰਜਾਬੀ ਭਾਈਚਾਰੇ ਦੇ ਲੋਕ ਹੁਣ ਖ਼ਦ ਨੂੰ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਪੰਜਾਬੀ ਕਾਰੋਬਾਰੀਆਂ ਅਤੇ ਲੋਕਾਂ ਨੂੰ ਆਏ ਦਿਨ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪੈਸਿਆਂ ਦੀ ਮੰਗ ਕਰਨ ਵਾਲਿਆਂ ਵਿਚ ਜ਼ਿਆਦਾਤਰ ਪੰਜਾਬੀ ਮੂਲ ਦੇ ਗੈਂਗਸਟਰ ਅਤੇ ਖਾਲਿਸਤਾਨੀ ਸਮਰਥਕ ਸ਼ਾਮਲ ਹਨ। ਫਰੈਂਡਸ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਨੇ ਇਸ ਸਬੰਧੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ. ਪੀ.) ਦੇ ਮੁਖੀ ਨੂੰ ਇਕ ਸ਼ਿਕਾਇਤ ਪੱਤਰ ਵੀ ਦਿੱਤਾ ਹੈ।
ਕਾਰੋਬਾਰੀਆਂ ਤੋਂ ਪੈਸਿਆਂ ਦੀ ਮੰਗ
ਪੰਜਾਬੀ ਭਾਈਚਾਰੇ ਦੇ ਲੋਕ ਘਰਾਂ ਦੇ ਬਾਹਰ ਆਪਣੇ ਸਾਮਾਨ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਘਰ ਦੇ ਬਾਹਰ ਪਾਰਕ ਕੀਤੀਆਂ ਗੱਡੀਆਂ ਵੀ ਚੋਰੀ ਹੋ ਰਹੀਆਂ ਹਨ। ਮਹਿੰਗਾਈ ਕਾਰਨ ਲੋਕਾਂ ਲਈ ਗੁਜਾਰਾ ਕਰਨਾ ਮੁਸਕਲ ਹੁੰਦਾ ਜਾ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਵੱਡੇ ਕਾਰੋਬਾਰੀਆਂ ਨੂੰ ਆਏ ਦਿਨ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੀਤੇ ਦਿਨੀਂ ਜਾਣਕਾਰੀ ਸਾਹਮਣੇ ਆਈ ਸੀ ਕਿ 100 ਤੋਂ ਵੱਧ ਕਾਰੋਬਾਰੀਆਂ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ। ਨਾਲ ਹੀ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਕਰਨ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ।
ਨੌਜਵਾਨਾਂ ਦਾ ਕਤਲ
ਕਈ ਵਾਰ ਪੰਜਾਬੀ ਮੂਲ ਦੇ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਤਾਜ਼ਾ ਮਾਮਲਿਆਂ ਵਿਚ ਐਬਟਸਫੋਰਡ ਦੇ ਵਾਸੀ 29 ਸਾਲਾ ਗਗਨਦੀਪ ਸਿੰਘ ਸੰਧੂ ਦਾ ਇੱਕ ਮਿਥੇ ਉਦੇਸ਼ ਦੇ ਨਾਲ ਨਿਸ਼ਾਨਾ ਬਣਾ ਕੇ ਕਤਲ ਕਰ ਦਿੱਤਾ ਗਿਆ। ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਹੋਰ ਪੰਜਾਬੀ ਨੋਜਵਾਨ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ। ਨੱਥੋਵਾਲ ਵਾਸੀ ਜਗਰਾਜ ਸਿੰਘ (28) ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ।
ਵਿਦਿਆਰਥੀ ਦੀ ਸਥਿਤੀ ਵੀ ਬਦਤਰ
ਇਸੇ ਤਰ੍ਹਾਂ ਇੱਥੇ ਪੜ੍ਹਨ ਆਏ ਭਾਰਤੀ ਵਿਦਿਆਰਥੀ ਖ਼ਾਸ ਕਰ ਕੇ ਪੰਜਾਬੀ ਵਿਦਿਆਰਥੀਆਂ ਦੀ ਸਥਿਤੀ ਵੀ ਬਦਤਰ ਹੈ। ਮਹਿੰਗੀ ਰਿਹਾਇਸ਼ ਕਾਰਨ ਉਹ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ। ਸਰਕਾਰ ਵੱਲੋਂ ਫੀਸਾਂ ਵਿਚ ਕੀਤੇ ਗਏ ਵਾਧੇ ਨੇ ਵਿਦਿਆਰਥੀਆਂ ਦੀ ਕਮਰ ਤੋੜ ਦਿੱਤੀ ਹੈ। ਵਿਦਿਆਰਥਣਾਂ ਆਪਣੀਆਂ ਲੋੜਾਂ ਪੂਰਾ ਕਰਨ ਲਈ ਵੇਸਵਾਪੁਣੇ ਦਾ ਕਿੱਤਾ ਕਰਨ ਲਈ ਮਜਬੂਰ ਹਨ। ਇਹਨਾਂ ਹਾਲਾਤ ਕਾਰਨ ਵਿਦਿਆਰਥੀ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਦੂਜੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਉਹ ਯੂ.ਕੇ, ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਯੂਰਪੀ ਦੇਸ਼ਾਂ ਵਿਚ ਜਾਣਾ ਪਸੰਦ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।