ਪਾਕਿਸਤਾਨ 'ਚ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਵਾਪਸ ਲਿਆ

Wednesday, Oct 05, 2022 - 12:34 PM (IST)

ਪਾਕਿਸਤਾਨ 'ਚ ਸਰਕਾਰ ਵੱਲੋਂ  ਮੰਗਾਂ ਮੰਨਣ ਦੇ ਭਰੋਸੇ ਮਗਰੋਂ  ਕਿਸਾਨਾਂ ਨੇ ਧਰਨਾ ਵਾਪਸ ਲਿਆ

ਇਸਲਾਮਾਬਾਦ : ਪਾਕਿਸਤਾਨ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਮਗਰੋਂ ਪੰਜਾਬ ਸੂਬੇ ਵਿੱਚ ਕਿਸਾਨਾਂ ਨੇ ਮੰਗਲਵਾਰ ਨੂੰ ਆਪਣਾ ਇੱਕ ਹਫ਼ਤੇ ਦਾ ਧਰਨਾ ਵਾਪਸ ਲੈ ਲਿਆ। ਕਿਸਾਨ ਯੂਨੀਅਨ 'ਕਿਸਾਨ ਇਤੇਹਾਦ' ਦੀ ਅਗਵਾਈ 'ਚ ਪਾਕਿਸਤਾਨ ਦੀ ਰਾਜਧਾਨੀ 'ਚ 28 ਸਤੰਬਰ ਤੋਂ ਬਿਜਲੀ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਬਿਜਲੀ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਕਿਸਾਨਾਂ ਦੀ ਆਮਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਕਿਸਾਨ ਇਤੇਹਾਦ ਦੇ ਮੁਖੀ ਖਾਲਿਦ ਬੱਟ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਵਿਰੋਧ ਪ੍ਰਦਰਸ਼ਨ ਵਾਪਸ ਲੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ।ਸਨਾਉੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।ਅਧਿਕਾਰੀਆਂ ਅਨੁਸਾਰ ਕਿਸਾਨ ਪੰਜਾਬ ਭਰ ਤੋਂ ਆਏ ਸਨ ਅਤੇ 5.3 ਰੁਪਏ ਪ੍ਰਤੀ ਯੂਨਿਟ ਦੇ ਪੁਰਾਣੇ ਟਿਊਬਵੈੱਲ ਬਿਜਲੀ ਦਰਾਂ ਨੂੰ ਬਹਾਲ ਕਰਨ ਅਤੇ ਸਾਰੇ ਟੈਕਸਾਂ ਅਤੇ ਐਡਜਸਟਮੈਂਟਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸਨ।


author

Anuradha

Content Editor

Related News