ਭਾਰਤ ਅਤੇ ਅਮਰੀਕਾ ਨੂੰ ਜੋੜਨ ਵਾਲਾ 'ਰਿਸ਼ਤਾ' ਡੂੰਘਾ ਅਤੇ ਮਜ਼ਬੂਤ ਹੈ : ਸੰਧੂ

Wednesday, Oct 06, 2021 - 10:25 AM (IST)

ਭਾਰਤ ਅਤੇ ਅਮਰੀਕਾ ਨੂੰ ਜੋੜਨ ਵਾਲਾ 'ਰਿਸ਼ਤਾ' ਡੂੰਘਾ ਅਤੇ ਮਜ਼ਬੂਤ ਹੈ : ਸੰਧੂ

ਵਾਸ਼ਿੰਗਟਨ (ਪੀ.ਟੀ.ਆਈ.): ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇੱਥੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਜੋੜਨ ਵਾਲਾ ਰਿਸ਼ਤਾ ਬਹੁਤ ਡੂੰਘਾ ਅਤੇ ਮਜ਼ਬੂਤ ਹੈ ਅਤੇ ਦੋਵੇਂ ਦੇਸ਼ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਅਤੇ ਸ਼ਾਨਦਾਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਇਹ ਗੱਲ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਇਥੇ ਹਾਰਵਰਡ ਯੂਨੀਵਰਸਿਟੀ ਵਿਚ ਆਪਣੇ ਭਾਸ਼ਣ 'ਕਿੰਗ ਗਾਂਧੀ ਲੈਕਚਰ' ਵਿਚ ਕਹੀ। 

ਉਨ੍ਹਾਂ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਲੋਕਤੰਤਰ, ਆਜ਼ਾਦੀ, ਅਹਿੰਸਾ ਅਤੇ ਕਾਨੂੰਨ ਦੇ ਰਾਜ ਵਰਗੇ ਮੁੱਲਾਂ 'ਤੇ ਬਣੇ ਹਨ। ਸੰਧੂ ਨੇ ਕਿਹਾ,“ਭਾਰਤ ਅਤੇ ਅਮਰੀਕਾ ਨੂੰ ਜੋੜਨ ਵਾਲੇ ਧਾਗੇ ਬਹੁਤ ਡੂੰਘੇ ਅਤੇ ਮਜ਼ਬੂਤ ਹਨ। ਲੋਕਤੰਤਰ, ਆਜ਼ਾਦੀ, ਅਹਿੰਸਾ ਅਤੇ ਕਾਨੂੰਨ ਦੇ ਸ਼ਾਸਨ ਵਰਗੇ ਮੁੱਲ ਜਿਨ੍ਹਾਂ ਦੀ ਅਸੀਂ ਕਦਰ ਕਰਦੇ ਹਾਂ ਉਹ ਮਜ਼ਬੂਤ ਨੀਂਹ ਹਨ, ਜਿਨ੍ਹਾਂ 'ਤੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੀ ਇਮਾਰਤ ਟਿਕੀ ਹੋਈ ਹੈ।'' ਉਹਨਾਂ ਨੇ ਕਿਹਾ ਕਿ ਭਾਰਤ ਨੂੰ ਜਦੋਂ ਆਜ਼ਾਦੀ ਨਹੀਂ ਮਿਲੀ ਸੀ ਉਦੋਂ ਆਜ਼ਾਦੀ ਦੀ ਮਸ਼ਾਲ ਜਗਾਉਣ ਵਾਲੇ ਕਈ ਨੇਤਾ, ਜਿਹਨਾਂ ਵਿਚ ਲਾਲਾ ਲਾਜਪਤ ਰਾਏ, ਸਰੋਜਨੀ ਨਾਇਡੂ, ਰਵਿੰਦਰ ਨਾਥ ਟੈਗੋਰ, ਬੀ ਆਰ ਅੰਬੇਡਕਰ ਸ਼ਾਮਲ ਹਨ, ਉਹ ਹਾਰਵਰਡ ਸਮੇਤ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਆਏ ਸਨ। 

ਪੜ੍ਹੋ ਇਹ ਅਹਿਮ ਖਬਰ - ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਲਦ ਖੋਲ੍ਹੇਗਾ ਆਪਣੇ ਦਰਵਾਜ਼ੇ

ਭਾਰਤੀ ਰਾਜਦੂਤ ਨੇ ਕਿਹਾ, “ਅਸੀਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਰੂਪ ਦਿੱਤਾ। ਤੁਸੀਂ ਅਤੇ ਮੈਂ ਆਪਣੇ ਸੰਵਿਧਾਨਾਂ ਪ੍ਰਤੀ ਵਫ਼ਾਦਾਰੀ ਰੱਖਦੇ ਹਾਂ ਅਤੇ ਦੋਵੇਂ ਸੰਵਿਧਾਨ 'ਅਸੀਂ ਲੋਕ ...' ਨਾਲ ਸ਼ੁਰੂ ਹੁੰਦੇ ਹਨ।" ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਨੇ 1963 ਅਤੇ 1966 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਗਾਂਧੀ ਮੈਮੋਰੀਅਲ ਲੈਕਚਰ ਦਿੱਤੇ। ਹਾਰਵਰਡ ਯੂਨੀਵਰਸਿਟੀ ਦੇ ਸਕੂਲ ਆਫ਼ ਰਿਲੀਜਨ ਦੇ ਡੀਨ ਵਿਲੀਅਮ ਸਟੁਅਰਟ ਨੀਲਸਨ ਨੇ 1958 ਵਿੱਚ "ਗਾਂਧੀ ਮੈਮੋਰੀਅਲ ਲੈਕਚਰ" ਸ਼ੁਰੂ ਕੀਤਾ ਸੀ। ਆਪਣੇ ਸੰਬੋਧਨ ਵਿੱਚ ਸੰਧੂ ਨੇ ਕਿਹਾ ਕਿ ਹਾਰਵਰਡ ਦੀ ਕਹਾਣੀ ਅਮਰੀਕਾ ਦੇ ਇਤਿਹਾਸ ਨਾਲ ਨੇੜਿਓਂ ਜੁੜੀ ਹੋਈ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਭਾਰਤ ਅਤੇ ਅਮਰੀਕਾ ਦੇ ਨੇਤਾ ਇੱਕ ਦੂਜੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਅਤੇ ਇਸ ਨੇ ਦੋਵਾਂ ਦੇਸ਼ਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਹਿੰਸਾ ਦੇ ਸਿਧਾਂਤ, ਸੱਚ ਪ੍ਰਤੀ ਸ਼ਰਧਾ ਗਾਂਧੀ ਦੇ ਕੰਮ ਦੇ ਮਹੱਤਵਪੂਰਨ ਪਹਿਲੂ ਹਨ। ਆਪਣੇ ਸੰਬੋਧਨ ਵਿੱਚ, ਉਹਨਾਂ ਨੇ ਦੱਸਿਆ ਕਿ ਕਿਵੇਂ ਗਾਂਧੀ ਜੀ ਦੇ ਸਿਧਾਂਤਾਂ ਨੇ ਭਾਰਤ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਦ੍ਰਿਸ਼ਟੀਕੋਣ ਨੂੰ ਰੂਪ ਦਿੱਤਾ।

ਨੋਟ- ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਉਕਤ ਵਿਚਾਰਾਂ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News