ਬਾਈਡੇਨ ਪ੍ਰਸ਼ਾਸਨ ਨੇ ਗੁਆਂਟਾਨਾਮੋ ਡਿਟੈਂਸਨ ਸੈਂਟਰ ਤੋਂ ਪਹਿਲੇ ਨਜ਼ਰਬੰਦੀ ਨੂੰ ਭੇਜਿਆ ਵਾਪਸ

Wednesday, Jul 21, 2021 - 01:49 AM (IST)

ਬਾਈਡੇਨ ਪ੍ਰਸ਼ਾਸਨ ਨੇ ਗੁਆਂਟਾਨਾਮੋ ਡਿਟੈਂਸਨ ਸੈਂਟਰ ਤੋਂ ਪਹਿਲੇ ਨਜ਼ਰਬੰਦੀ ਨੂੰ ਭੇਜਿਆ ਵਾਪਸ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਬਾਈਡੇਨ ਪ੍ਰਸ਼ਾਸਨ ਅਧੀਨ ਪੈਂਟਾਗਨ ਨੇ ਗੁਆਂਟਾਨਾਮੋ ਬੇਅ ’ਚ ਰੱਖੇ ਇੱਕ ਵਿਅਕਤੀ ਨੂੰ ਉਸ ਦੇ ਜੱਦੀ ਦੇਸ਼ ਮੋਰਾਕੋ ਵਾਪਸ ਭੇਜਿਆ ਹੈ। ਰਿਪੋਰਟਾਂ ਅਨੁਸਾਰ ਇਸ ਨੂੰ ਬਾਈਡੇਨ ਪ੍ਰਸ਼ਾਸਨ ਦਾ ਪਹਿਲਾ ਨਜ਼ਰਬੰਦੀ ਟ੍ਰਾਂਸਫਰ ਮੰਨਿਆ ਜਾਂਦਾ ਹੈ। ਅਬਦੁਲ ਲਤੀਫ ਨਾਸਿਰ (56) ਨਾਂ ਦੇ ਵਿਅਕਤੀ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਵੱਲੋਂ 2011 ’ਚ ਸਥਾਪਿਤ ਪੀਰੀਓਡਿਕ ਰੀਵਿਊ ਬੋਰਡ ਤਹਿਤ ਸਾਲ 2016 ’ਚ ਦੇਸ਼ ਵਾਪਸੀ ਲਈ ਸਿਫਾਰਿਸ਼ ਕੀਤੀ ਗਈ ਸੀ। ਉਸ ਸਮੇਂ ਬੋਰਡ ਨੇ ਮੁਲਾਂਕਣ ਕੀਤਾ ਸੀ ਕਿ ਨਾਸਿਰ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖਤਰਾ ਨਹੀਂ ਹੈ ਅਤੇ ਬੋਰਡ ਨੇ ਸਿਫਾਰਿਸ਼ ਕੀਤੀ ਕਿ ਉਸ ਨੂੰ ਵਾਪਸ ਮੋਰਾਕੋ ਭੇਜਿਆ ਜਾਵੇ, ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਨਾਸਿਰ ਦੀ ਰਿਹਾਈ ਰੁਕ ਗਈ ਸੀ ਪਰ ਫਰਵਰੀ ’ਚ ਰਾਸ਼ਟਰਪਤੀ ਬਾਈਡੇਨ ਨੇ ਐਲਾਨ ਕੀਤਾ ਕਿ ਉਹ ਗੈਰ-ਜ਼ਰੂਰੀ ਨਜ਼ਰਬੰਦੀ ਨੂੰ ਬੰਦ ਕਰਨ ਦੀ ਉਮੀਦ ’ਚ ਕਿਊਬਾ ਦੇ ਗੁਆਂਟਾਨਾਮੋ ਬੇਅ ’ਚ ਸਥਿਤ ਅਮਰੀਕੀ ਮਿਲਟਰੀ ਜੇਲ੍ਹ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।

ਇਹ ਵੀ ਪੜ੍ਹੋ : ਐਮੇਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਪਹਿਲੀ ਪੁਲਾੜ ਯਾਤਰਾ ਰਹੀ ਕਾਮਯਾਬ, ਬਣਾਏ ਦੋ ਵੱਡੇ ਰਿਕਾਰਡ

ਜ਼ਿਕਰਯੋਗ ਹੈ ਕਿ ਨਾਸਿਰ ਪਹਿਲੀ ਵਾਰ ਮਈ 2002 ’ਚ ਇਸ ਜੇਲ੍ਹ ’ਚ ਪਹੁੰਚੇ ਸਨ। ਅੰਕੜਿਆਂ ਅਨੁਸਾਰ ਕੁਲ ਮਿਲਾ ਕੇ 39 ਕੈਦੀ ਗੁਆਂਟਾਨਾਮੋ ਵਿਖੇ ਹਨ। ਇਸ ਜੇਲ੍ਹ ’ਚ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਹਨ, ਜਿਨ੍ਹਾਂ ’ਚ 9/11 ਦਾ ਮਾਸਟਰਮਾਈਂਡ ਖਾਲਿਦ ਸ਼ਿਕ ਮੁਹੰਮਦ ਵੀ ਸ਼ਾਮਲ ਹੈ। ਅਮਰੀਕਾ ਨੇ 9/11 ਤੋਂ ਬਾਅਦ ਅਲ ਕਾਇਦਾ ਅਤੇ ਤਾਲਿਬਾਨ ਨਾਲ ਸਬੰਧਾਂ ਦੇ ਦੋਸ਼ੀ ਲੋਕਾਂ ਨੂੰ ਰੱਖਣ ਲਈ ਜਨਵਰੀ 2002 ’ਚ ਇਸ ਨਜ਼ਰਬੰਦੀ ਕੇਂਦਰ ਨੂੰ ਖੋਲ੍ਹਿਆ ਸੀ।


author

Manoj

Content Editor

Related News