ਸਾਊਦੀ ਅਰਬ ’ਚ ਮਸਜਿਦਾਂ ਦੇ ਲਾਊਡ ਸਪੀਕਰਾਂ ਦੀ ਆਵਾਜ਼ ਸਬੰਧੀ ਹੋਇਆ ਇਹ ਐਲਾਨ
Wednesday, Jun 02, 2021 - 01:53 PM (IST)
ਇੰਟਰਨੈਸ਼ਨਲ ਡੈਸਕ : ਸਾਊਦੀ ਅਰਬ ਦੀਆਂ ਸਾਰੀਆਂ ਮਸਜਿਦਾਂ ਨੂੰ ਉਥੋਂ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਜਾਨ ਜਾਂ ਹੋਰ ਮੌਕਿਆਂ ’ਤੇ ਲਾਊਡ ਸਪੀਕਰਾਂ ਦੀ ਆਵਾਜ਼ ਹੌਲੀ ਕਰਨ ਦਾ ਹੁਕਮ ਦਿੱਤਾ ਹੈ। ਸਾਰੀਆਂ ਮਸਜਿਦਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਉਹ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਸਮਰੱਥਾ ਤੋਂ ਇਕ-ਤਿਹਾਈ ਘੱਟ ਰੱਖਣ। ਦੇਸ਼ ਦੇ ਇਸਲਾਮਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਇਸ ਹੁਕਮ ’ਚ ਲਾਊਡ ਸਪੀਕਰ ’ਤੇ ਪ੍ਰਾਰਥਨਾ ਜਾਂ ਉਪਦੇਸ਼ ਪ੍ਰਸਾਰਿਤ ਕਰਨ ’ਤੇ ਵੀ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਇਹ ਹੁਕਮ ਮਸਜਿਦ ਦੇ ਨੇੜੇ-ਤੇੜੇ ਰਹਿਣ ਵਾਲਿਆਂ ਦੀ ਸ਼ਿਕਾਇਤ ’ਤੇ ਦਿੱਤਾ ਗਿਆ ਹੈ।
ਵਿਭਾਗੀ ਮੰਤਰੀ ਅਬਦੁੱਲਾਲਤੀਫ ਅਲ ਸ਼ੇਖ ਨੇ ਕਿਹਾ ਕਿ ਜੋ ਲੋਕ ਨਮਾਜ਼ ਜਾਂ ਪ੍ਰਾਰਥਨਾ ਕਰਨਾ ਚਾਹੁੰਦੇ ਹਨ, ਉਹ ਇਮਾਮ ਦੀ ਆਵਾਜ਼ ਦੀ ਉਡੀਕ ਨਹੀਂ ਕਰਨਗੇ। ਮੁਸਲਮਾਨਾਂ ’ਚ ਅਜਾਨ ਤੇ ਨਮਾਜ਼ ਦਾ ਸਮਾਂ ਮੁਕੱਰਰ ਹੈ, ਅਜਿਹੇ ’ਚ ਉਨ੍ਹਾਂ ਨੂੰ ਉੱਚੀ ਆਵਾਜ਼ ’ਚ ਐਲਾਨ ਕਰ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ। ਇਕ ਸਥਾਨਕ ਚੈਨਲ ਨੂੰ ਦਿੱਤੀ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਕੁਝ ਲੋਕ ਸਰਕਾਰ ਦੇ ਫੈਸਲੇ ਦੀ ਆਲੋਚਨਾ ਕਰ ਕੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਹਨ ਪਰ ਉਹ ਸਫਲ ਨਹੀਂ ਹੋਣਗੇ। ਇਹ ਫੈਸਲਾ ਸਾਰਿਆਂ ਦੀ ਭਲਾਈ ਲਈ ਹੈ।