ਪਾਕਿਸਤਾਨ : ਤਿੰਨ ਮਹੀਨੇ ਪਹਿਲਾਂ ਅਗਵਾ ਕੀਤਾ ਸਿੱਖ ਨੌਜਵਾਨ ਗੰਭੀਰ ਹਾਲਤ ’ਚ ਮਿਲਿਆ
Monday, May 31, 2021 - 06:09 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ’ਚ ਆਪਣੇ ਘਰ ’ਚੋਂ ਅਗਵਾ ਕੀਤਾ ਗਿਆ ਸਿੱਖ ਨੌਜਵਾਨ ਤਿੰਨ ਮਹੀਨਿਆਂ ਬਾਅਦ ਦੇਸ਼ ਦੇ ਉੱਤਰ-ਪੱਛਮ ’ਚ ਸਥਿਤ ਖੈਬਰ ਪਖਤੂਨਵਾ ਸੂਬੇ ਦੇ ਇਕ ਪਿੰਡ ’ਚ ਬੇਸੁੱਧ ਮਿਲਿਆ। ਅਗਵਾਕਾਰਾਂ ਨੇ ਕੁੱਟ-ਕੁੱਟ ਕੇ ਉਸ ਦੀ ਬੁਰੀ ਹਾਲਤ ਕਰ ਦਿੱਤੀ ਹੈ। ਮਾਮਲੇ ’ਚ ਨਾਮਜ਼ਦ ਇਕ ਔਰਤ ਸਣੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 20 ਸਾਲਾ ਅਵਿਨਾਸ਼ ਸਿੰਘ ਨੂੰ ਪੇਸ਼ਾਵਰ ਕੈਂਟੋਨਮੈਂਟ ਦੇ ਗੁਲਬਰਗ ਇਲਾਕੇ ਤੋਂ 28 ਫਰਵਰੀ ਨੂੰ ਅਗਵਾ ਕੀਤਾ ਗਿਆ ਸੀ। ਉਹ ਸ਼ੁੱਕਰਵਾਰ ਨੂੰ ਕੋਹਾਟ ਜ਼ਿਲ੍ਹੇ ਦੇ ਲਾਚੀ ਤਹਿਸੀਲ ਕੋਲ ਇਕ ਪਿੰਡ ’ਚ ਮਿਲਿਆ। ਗੰਭੀਰ ਹਾਲਤ ’ਚ ਉਸ ਨੂੰ ਪੇਸ਼ਾਵਰ ਸਥਿਤ ਲੇਡੀ ਰੀਡਿੰਗ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਅਗਵਾਕਾਰਾਂ ਦੀ ਕੁੱਟ ਨਾਲ ਨੌਜਵਾਨ ਬੇਸੁੱਧ ਹੋ ਚੁੱਕਾ ਹੈ। ਪਿਛਲੇ ਮਹੀਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੇਸ਼ਾਵਰ ਸ਼ਹਿਰ ’ਚ ਪ੍ਰਦਰਸ਼ਨ ਕਰ ਕੇ ਖੈਬਰ-ਪਖਤੂਨਖਵਾ ਸਰਕਾਰ ਤੋਂ ਅਗਵਾ ਨੌਜਵਾਨ ਨੂੰ ਆਜ਼ਾਦ ਕਰਾਉਣ ਦੀ ਮੰਗ ਕੀਤੀ ਸੀ। ਸਿੱਖ ਨੇਤਾ ਪਰਵਿੰਦਰ ਸਿੰਘ ਨੇ ਕਿਹਾ ਸੀ ਕਿ ਨੌਜਵਾਨ ਕਾਫ਼ੀ ਪੜ੍ਹਿਆ-ਲਿਖਿਆ ਹੈ ਤੇ ਉਸ ਦੇ ਪਰਿਵਾਰ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਹੈ। ਪ੍ਰਦਰਸ਼ਨ ’ਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਨੌਜਵਾਨ ਨੂੰ ਅਸਮਾਜਿਕ ਤੱਤਾਂ ਨੇ ਅਗਵਾ ਕੀਤਾ ਹੈ।