ਥਏਨਆਨਮਨ ਚੌਕ ਕਤਲੇਆਮ ਨੂੰ ਚੀਨ ਨੇ ਦੱਸਿਆ ਸਹੀ, ਜਾਣੋ ਕੀ ਹੈ ਮਾਮਲਾ
Sunday, Jun 02, 2019 - 06:17 PM (IST)

ਸਿੰਗਾਪੁਰ (ਏ.ਐਫ.ਪੀ.)- ਚੀਨ ਨੇ ਸਾਲ 1989 ਵਿਚ ਰਾਜਧਾਨੀ ਬੀਜਿੰਗ ਦੇ ਥਏਨਆਨਮਨ ਚੌਕ 'ਤੇ ਲੋਕਤੰਤਰ ਹਮਾਇਤੀਆਂ ਖਿਲਾਫ ਆਪਣੀ ਬਰਬਰਤਾਪੂਰਨ ਕਾਰਵਾਈ ਨੂੰ ਸਹੀ ਦੱਸਿਆ ਹੈ। ਚੀਨ ਦੇ ਰੱਖਿਆ ਮੰਤਰੀ ਵੇਈ ਫੇਂਘ ਨੇ ਐਤਵਾਰ ਨੂੰ ਸਿੰਗਾਪੁਰ ਵਿਚ ਖੇਤਰੀ ਸੁਰੱਖਿਆ ਫੋਰਮ ਵਿਚ ਕਿਹਾ ਕਿ ਉਹ ਘਟਨਾ ਰਾਜਨੀਤਕ ਉਥਲ-ਪੁਥਲ ਸੀ। ਚੀਨ ਸਰਕਾਰ ਨੇ ਉਸ ਸੰਕਟ ਨੂੰ ਰੋਕਣ ਲਈ ਜੋ ਕਦਮ ਚੁੱਕੇ ਉਹ ਸਹੀ ਸਨ। ਪਤਾ ਨਹੀਂ ਕਿਉਂ ਅੱਜ ਵੀ ਲੋਕ ਪ੍ਰਦਰਸ਼ਨਕਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਲਈ ਚੀਨ 'ਤੇ ਸਵਾਲ ਖੜ੍ਹੇ ਕਰਦੇ ਹਨ।
ਇਸ ਫੋਰਮ ਵਿਚ ਕਈ ਦੇਸ਼ਾਂ ਦੇ ਰੱਖਿਆ ਮੰਤਰੀ, ਚੋਟੀ ਦੇ ਫੌਜੀ ਅਧਿਕਾਰੀ ਅਤੇ ਟ੍ਰੇਨਰ ਹਿੱਸਾ ਲੈ ਰਹੇ ਹਨ। ਆਪਣੇ ਸੰਬੋਧਨ ਵਿਚ ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਵੇਲੇ ਚੀਨ ਦੀ ਨੀਤੀ ਸਹੀ ਸੀ। ਬੀਤੇ 30 ਸਾਲ ਵਿਚ ਇਹ ਸਾਬਿਤ ਵੀ ਹੋਇਆ ਹੈ। ਉਦੋਂ ਤੋਂ ਚੀਨ ਵਿਚ ਕਈ ਵੱਡੇ ਬਦਲਾਅ ਹੋਏ ਹਨ। ਸਰਕਾਰ ਦੀ ਉਸ ਕਾਰਵਾਈ ਕਾਰਨ ਹੀ ਦੇਸ਼ ਵਿਚ ਸਥਿਰਤਾ ਆਈ ਅਤੇ ਵਿਕਾਸ ਹੋਇਆ। 30 ਸਾਲ ਪਹਿਲਾਂ ਚੀਨ ਵਿਚ ਲੋਕਤੰਤਰ ਹਮਾਇਤੀ ਵਿਦਿਆਰਥੀਆਂ ਦੀ ਅਗਵਾਈ ਵਿਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦਾ ਮੁੱਖ ਕੇਂਦਰ ਥਏਨਆਨਮਨ ਚੌਕ ਹੀ ਸੀ।
ਇਹ ਪ੍ਰਦਰਸ਼ਨ ਚਾਰ ਅਪ੍ਰੈਲ ਤੋਂ ਚਾਰ ਜੂਨ ਤੱਕ ਚੱਲੇ ਸਨ। ਵਿਰੋਧ-ਪ੍ਰਦਰਸ਼ਨ ਨੂੰ ਦਬਾਉਣ ਲਈ ਚੀਨੀ ਫੌਜ ਨੇ ਚਾਰ ਜੂਨ ਨੂੰ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ 'ਤੇ ਟੈਂਕ ਚੜ੍ਹਾ ਦਿੱਤੇ ਸਨ। ਇਸ ਜਾਲਮਾਨਾ ਘਟਨਾ ਵਿਚ ਕਿੰਨੇ ਲੋਕਾਂ ਦੀ ਜਾਨ ਗਈ, ਇਸ ਦਾ ਕੋਈ ਸਪੱਸ਼ਟ ਅੰਕੜਾ ਨਹੀਂ ਹੈ। ਪਰ ਅਜਿਹਾ ਅੰਦਾਜ਼ਾ ਹੈ ਕਿ ਇਸ ਕਾਰਵਾਈ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।