ਥਾਈਲੈਂਡ ''ਚ ਫਸੇ ਭਾਰਤੀਆਂ ਨੇ ਬਿਆਨ ਕੀਤਾ ਦਰਦ, ਘਰ ਵਾਪਸੀ ਦਾ ਕਰ ਰਹੇ ਇੰਤਜ਼ਾਰ

04/26/2020 5:57:48 PM

ਬੈਂਕਾਕ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਕਾਰਨ ਆਵਾਜਾਈ ਅਤੇ ਹਵਾਬਾਜ਼ੀ ਸੇਵਾਵਾਂ ਬੰਦ ਹੋਣ ਕਾਰਨ ਹਜ਼ਾਰਾਂ ਲੋਕ ਦੇਸ਼-ਵਿਦੇਸ਼ ਵਿਚ ਫਸੇ ਹੋਏ ਹਨ। ਇਹਨਾਂ ਲੋਕਾਂ ਨੇ ਆਪਣਾ ਦਰਦ ਦੁਨੀਆ ਸਾਹਮਣੇ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਥਾਈਲੈਂਡ ਵਿਚ ਸੈਂਕੜੇ ਭਾਰਤੀ ਫਸੇ ਹੋਏ ਹਨ ਜੋ ਘਰ ਵਾਪਸੀ ਲਈ ਬੇਸਬਰੀ ਨਾਲ ਸਰਕਾਰੀ ਮਦਦ ਦਾ ਇੰਤਜ਼ਾਰ ਕਰ ਰਹੇ ਹਨ। ਇਹ ਲੋਕ ਲਗਾਤਾਰ ਸੋਸ਼ਲ ਮੀਡੀਆ, ਫੋਨ ਅਤੇ ਈ-ਮੇਲ ਜ਼ਰੀਏ ਸਰਕਾਰ ਨੂੰ ਘਰ ਵਾਪਸੀ ਦੀ ਅਪੀਲ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। 

ਭਾਰਤੀਆਂ ਨੇ ਬਿਆਨ ਕੀਤਾ ਦਰਦ
ਫੁਕੇਤ ਵਿਚ ਸਿਖਲਾਈ ਲੈਣ ਗਏ ਭਾਰਤੀ ਤੈਰਾਕ ਸਜਨ ਪ੍ਰਕਾਸ਼ ਵੀ ਫਸੇ ਹੋਏ ਹਨ। ਥਾਈਲੈਂਡ ਘੁੰਮਣ ਗਏ ਉਦੈਰਾਜ ਦੱਸਦੇ ਹਨ ਕਿ ਮਾਰਚ ਦੇ ਅਖੀਰ ਵਿਚ ਉਹ ਆਏ ਸਨ ਅਤੇ ਉਦੋਂ ਲਾਕਡਾਊਨ ਹੋ ਗਿਆ ਜਿਸ ਕਾਰਨ ਉਹ ਉੱਥੇ ਫਸ ਗਏ। ਉਹ ਕਹਿੰਦੇ ਹਨ,''ਵਿਦੇਸ਼ ਵਿਚ ਸੀਮਤ ਬਜਟ ਵਿਚ ਰਹਿਣਾ ਮੁਸ਼ਕਲ ਹੈ। ਪਿਛਲੇ ਇਕ ਹਫਤੇ ਤੋਂ ਮੈਂ ਇਕ ਕਮਰੇ ਵਿਚ ਕੈਦ ਹਾਂ ਪਰ ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦਾ ਹਾਂ ਅਤੇ ਪਰਿਵਾਰ ਦੀ ਦੇਖਭਾਲ ਕਰਨਾ ਚਾਹੁੰਦਾ ਹਾਂ।'' ਉਹਨਾਂ ਨੇ ਅੱਗੇ ਕਿਹਾ,''ਮੈਂ ਆਪਣੇ ਘਰ ਵਿਚ ਇਕੱਲਾ ਕਮਾਉਣ ਵਾਲਾ ਹਾਂ ਅਤੇ ਇਸ ਮੁਸ਼ਕਲ ਸਮੇਂ ਵਿਚ ਮੈਨੂੰ ਆਪਣੇ ਪਰਿਵਾਰ ਦੇ ਨਾਲ ਹੋਣਾ ਚਾਹੀਦਾ ਹੈ। ਇਹ ਮੇਰਾ ਅਧਿਕਾਰ ਹੈ। ਮੈਂ ਸ਼ੂਗਰ ਦਾ ਮਰੀਜ਼ ਹਾਂ ਅਤੇ ਇੱਥੇ ਰਹਿਣਾ ਮੇਰੇ ਲਈ ਖਤਰਨਾਕ ਹੈ ਕਿਉਂਕਿ ਨਿਯਮਿਤ ਦਵਾਈਆਂ ਮਿਲਣੀਆਂ ਵੀ ਮੁਸ਼ਕਲ ਹਨ।'' ਉਹ ਕਹਿੰਦੇ ਹਨ ਕਿ ਮੈਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਵਾਇਰਸ ਨੇ ਜੇਕਰ ਸਾਨੂੰ ਬਖਸ਼ ਵੀ ਦਿੱਤਾ ਤਾਂ ਚਿੰਤਾ ਅਤੇ ਤਣਾਅ ਤੋਂ ਅਸੀਂ ਨਹੀ ਬਚ ਪਾਵਾਂਗੇ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਮਹਿਲਾ 'ਅਮਰੇਕਿਨ ਅਕੈਡਮੀ ਆਫ ਆਰਟਸ ਐਂਡ ਸਾਈਂਸੇਜ' ਦੀ ਬਣੀ ਮੈਂਬਰ

ਲੋਕ ਚਾਹੁੰਦੇ ਹਨ ਘਰ ਵਾਪਸੀ
ਉੱਧਰ ਦੂਜੇ ਪਾਸੇ ਸਕੂਲ, ਕਾਲਜ ਅਤੇ ਦੂਜੇ ਅਦਾਰੇ ਬੰਦ ਹੋਣ ਕਾਰਨ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।ਲਾਕਡਾਊਨ ਕਾਰਨ ਫਸੇ ਲੋਕ ਹੁਣ ਘਰ ਵਾਪਸ ਆਉਣਾ ਚਾਹੁੰਦੇ ਹਨ ਅਤੇ ਹਰ ਕੋਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਪਰ ਅੰਤਰਰਾਸ਼ਟਰੀ ਉਡਾਣਾਂ ਬੰਦ ਹੋਣ ਦੇ ਕਾਰਨ 3 ਮਈ ਤੱਕ ਅਜਿਹੇ ਲੋਕਾਂ ਦੀ ਘਰ ਵਾਪਸੀ ਮੁਸ਼ਕਲ ਹੈ। ਲੋਕ ਸਰਕਾਰ ਨੂੰ ਪੁੱਛ ਰਹੇ ਹਨ ਕਿ ਉਹਨਾਂ ਨੂੰ ਇੱਥੋਂ ਕਦੋਂ ਕੱਢਿਆ ਜਾਵੇਗਾ।

ਆਮਦਨੀ ਹੈ ਨਹੀਂ ਪਰ ਘਰ ਖਾਲੀ ਕਰਨਾ ਹੈ
ਥਾਈਲੈਂਡ ਵਿਚ ਨੌਕਰੀ ਕਰਨ ਵਾਲੇ ਰਾਜਿੰਦਰ ਕੁਮਾਰ ਦੱਸਦੇ ਹਨ ਕਿ ਮੇਰੀ ਪਤਨੀ ਅਤੇ 3 ਸਾਲ ਦੀ ਬੱਚੀ ਹੈ। ਨੌਕਰੀ ਚਲੀ ਗਈ ਹੈ। ਇਸੇ ਮਹੀਨੇ ਘਰ ਖਾਲੀ ਕਰਨਾ ਹੈ ਕਿਉਂਕਿ ਹਾਲੇ ਮੇਰੇ ਕੋਲ ਦੂਜੀ ਨੌਕਰੀ ਅਤੇ ਆਮਦਨੀ ਦਾ ਹੋਰ ਕੋਈ ਸਾਧਨ ਨਹੀਂ ਹੈ। ਲੋਕ ਆਪਣੇ ਪੈਸਿਆਂ ਨਾਲ ਹੋਟਲਾਂ ਵਿਚ ਕੁਆਰੰਟੀਨ ਹਨ ਪਰ ਉਹ ਇੰਝ ਕਦੋਂ ਤੱਕ ਰਹਿਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸੇ ਹੋਏ ਲੋਕਾਂ ਨੂੰ ਜਲਦੀ ਕੱਢਣਾ ਸ਼ੁਰੂ ਕਰੇ।

ਭਾਰਤ-ਪਾਕਿ ਨਾਗਿਰਕਾਂ ਨੂੰ ਵਾਪਸ ਲਿਆਉਣ 'ਚ ਹਾਂਗਕਾਂਗ ਕਰ ਰਿਹੈ ਮਦਦ
ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਅਤੇ ਪਾਕਿਸਤਾਨ ਵਿਚ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੇ ਜਾਣ ਦੇ ਬਾਅਦ ਹਾਂਗਕਾਂਗ ਆਪਣੇ ਇੱਥੇ ਫਸੇ 5 ਹਜ਼ਾਰ ਤੋਂ ਵਧੇਰੇ ਭਾਰਤੀ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਸਰਕਾਰੀ ਬਿਆਨ ਦੇ ਮੁਤਾਬਕ ਹਾਂਗਕਾਂਗ ਇਮੀਗ੍ਰੇਸ਼ਨ ਵਿਭਾਗ ਨੇ ਭਾਰਤ ਵਿਚ ਕਰੀਬ 3,200 ਅਤੇ ਪਾਕਿਸਤਾਨ ਵਿਚ 2,000 ਵਸਨੀਕਾਂ ਨਾਲ ਸੰਪਰਕ ਕੀਤਾ ਹੈ।
 


Vandana

Content Editor

Related News