24 ਘੰਟਿਆਂ ''ਚ ਦੂਜਾ ਹਾਦਸਾ ! ਥਾਈਲੈਂਡ ''ਚ ਇਕ ਵਾਰ ਫ਼ਿਰ ਡਿੱਗੀ ਕ੍ਰੇਨ, 2 ਦਿਨਾਂ ''ਚ 34 ਲੋਕਾਂ ਦੀ ਮੌਤ
Thursday, Jan 15, 2026 - 04:41 PM (IST)
ਇੰਟਰਨੈਸ਼ਨਲ ਡੈਸਕ- ਥਾਈਲੈਂਡ ਵਿੱਚ ਉਸਾਰੀ ਅਧੀਨ ਪ੍ਰੋਜੈਕਟਾਂ ਦੌਰਾਨ ਵਾਪਰੇ 2 ਵੱਡੇ ਕ੍ਰੇਨ ਹਾਦਸਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੀਰਵਾਰ, 15 ਜਨਵਰੀ 2026 ਨੂੰ ਬੈਂਕਾਂਕ ਦੇ ਬਾਹਰਵਾਰ ਵਾਪਰੇ ਤਾਜ਼ਾ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਤੋਂ ਇੱਕ ਦਿਨ ਪਹਿਲਾਂ ਹੋਏ ਹਾਦਸੇ ਵਿੱਚ 32 ਲੋਕਾਂ ਦੀ ਜਾਨ ਚਲੀ ਗਈ ਸੀ।
ਇਹ ਹਾਦਸਾ ਬੈਂਕਾਂਕ ਦੇ ਬਾਹਰਵਾਰ ਸਮੁਤ ਸਖੋਨ ਸੂਬੇ ਵਿੱਚ ਰਾਮਾ II ਰੋਡ 'ਤੇ ਵਾਪਰਿਆ, ਜਿੱਥੇ ਇੱਕ ਐਲੀਵੇਟਿਡ ਹਾਈਵੇਅ ਦੀ ਉਸਾਰੀ ਦੌਰਾਨ ਇੱਕ ਵੱਡੀ ਕ੍ਰੇਨ ਸੜਕ 'ਤੇ ਚੱਲ ਰਹੇ ਵਾਹਨਾਂ 'ਤੇ ਜਾ ਡਿੱਗੀ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਮਲਬੇ ਹੇਠ 2 ਵਾਹਨ ਬੁਰੀ ਤਰ੍ਹਾਂ ਕੁਚਲੇ ਗਏ ਸਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਉੱਤਰ-ਪੂਰਬੀ ਥਾਈਲੈਂਡ ਦੇ ਨਖੋਨ ਰਤਚਾਸਿਮਾ ਸੂਬੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਸੀ। ਉੱਥੇ ਚੀਨ ਦੀ ਮਦਦ ਨਾਲ ਬਣ ਰਹੇ ਹਾਈ-ਸਪੀਡ ਰੇਲ ਪ੍ਰੋਜੈਕਟ ਦੀ ਇੱਕ ਕ੍ਰੇਨ ਚੱਲਦੀ ਰੇਲਗੱਡੀ 'ਤੇ ਡਿੱਗ ਗਈ ਸੀ, ਜਿਸ ਕਾਰਨ 32 ਲੋਕਾਂ ਦੀ ਮੌਤ ਹੋ ਗਈ ਸੀ। ਇਸ ਰੇਲਗੱਡੀ ਵਿੱਚ ਕੁੱਲ 200 ਦੇ ਕਰੀਬ ਯਾਤਰੀ ਸਵਾਰ ਸਨ।
ਦੇਸ਼ ਦੇ ਟਰਾਂਸਪੋਰਟ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਦੋਵਾਂ ਜਾਨਲੇਵਾ ਹਾਦਸਿਆਂ ਵਿੱਚ ਇੱਕੋ ਉਸਾਰੀ ਕੰਪਨੀ (Italian-Thai Development) ਸ਼ਾਮਲ ਹੈ। ਸਰਕਾਰ ਨੇ ਇਨ੍ਹਾਂ ਹਾਦਸਿਆਂ ਦੀ ਪੂਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਲਾਪਰਵਾਹੀ ਪਾਏ ਜਾਣ 'ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਿਸ ਸੜਕ 'ਤੇ ਵੀਰਵਾਰ ਨੂੰ ਹਾਦਸਾ ਵਾਪਰਿਆ, ਉਸ ਨੂੰ ਪਹਿਲਾਂ ਹੀ ਕਈ ਹਾਦਸਿਆਂ ਕਾਰਨ "ਡੈੱਥ ਰੋਡ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
