ਥਾਈਲੈਂਡ ਦੀ ਕਾਰ ਮਾਰਕੀਟ ''ਚੋਂ ਖ਼ਤਮ ਹੋਇਆ ਜਾਪਾਨ ਦਾ ਦਬਦਬਾ ! ਚੀਨ ਨੇ ਕੀਤਾ ਕਬਜ਼ਾ
Saturday, Oct 17, 2026 - 01:31 PM (IST)
ਇੰਟਰਨੈਸ਼ਨਲ ਡੈਸਕ- ਥਾਈਲੈਂਡ ਦੇ ਆਟੋਮੋਬਾਈਲ ਉਦਯੋਗ 'ਚ ਪਿਛਲੇ 5 ਸਾਲਾਂ ਦੌਰਾਨ ਇਤਿਹਾਸਕ ਬਦਲਾਅ ਦੇਖਣ ਨੂੰ ਮਿਲਿਆ ਹੈ। ਦਹਾਕਿਆਂ ਤੱਕ ਥਾਈਲੈਂਡ ਦੇ ਕਾਰ ਬਾਜ਼ਾਰ 'ਤੇ ਰਾਜ ਕਰਨ ਵਾਲੀਆਂ ਜਾਪਾਨੀ ਕਾਰ ਨਿਰਮਾਤਾ ਕੰਪਨੀਆਂ ਨੂੰ ਪਛਾੜ ਕੇ ਚੀਨ ਦੀਆਂ ਇਲੈਕਟ੍ਰਿਕ ਵਾਹਨ (EV) ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ।
ਚੀਨ ਦੀ ਸਭ ਤੋਂ ਵੱਡੀ EV ਕੰਪਨੀ BYD ਨੇ ਰਾਯੋਂਗ 'ਚ ਚੀਨ ਤੋਂ ਬਾਹਰ ਆਪਣੀ ਪਹਿਲੀ ਫੈਕਟਰੀ ਸਥਾਪਿਤ ਕੀਤੀ ਹੈ, ਜੋ ਕਿ 180 ਫੁੱਟਬਾਲ ਮੈਦਾਨਾਂ ਦੇ ਬਰਾਬਰ ਵੱਡੀ ਹੈ। ਇਸ ਤੋਂ ਇਲਾਵਾ 'ਗ੍ਰੇਟ ਵਾਲ ਮੋਟਰ' ਨੇ ਜਨਰਲ ਮੋਟਰਜ਼ ਦਾ ਪਲਾਂਟ ਅਤੇ ਫੋਰਡ ਨੇ ਸੁਜ਼ੂਕੀ ਦਾ ਅਸੈਂਬਲੀ ਪਲਾਂਟ ਆਪਣੇ ਹੱਥਾਂ 'ਚ ਲੈ ਲਿਆ ਹੈ।
4 ਸਾਲ ਪਹਿਲਾਂ ਤੱਕ ਥਾਈਲੈਂਡ ਦੀ ਈ.ਵੀ. ਮਾਰਕੀਟ 'ਚ ਚੀਨ ਦਾ ਹਿੱਸਾ ਨਾ ਦੇ ਬਰਾਬਰ ਸੀ, ਜੋ ਅੱਜ ਵਧ ਕੇ 85 ਫੀਸਦੀ ਹੋ ਗਿਆ ਹੈ। ਇਲੈਕਟ੍ਰਿਕ ਤਕਨਾਲੋਜੀ ਅਪਣਾਉਣ 'ਚ ਦੇਰੀ ਕਾਰਨ ਜਾਪਾਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। Subaru ਅਤੇ Suzuki ਨੇ 2024-2025 ਦੌਰਾਨ ਥਾਈਲੈਂਡ 'ਚ ਆਪਣੇ ਪਲਾਂਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ, ਜਦਕਿ Nissan ਅਤੇ Honda ਨੇ ਵੀ ਆਪਣਾ ਉਤਪਾਦਨ ਕਾਫ਼ੀ ਘਟਾ ਦਿੱਤਾ ਹੈ।
ਜਾਪਾਨੀ ਆਟੋ ਮੇਕਰਜ਼ 'ਤੇ ਨਿਰਭਰ ਥਾਈਲੈਂਡ ਦੇ ਕਈ ਲੋਕਲ ਸਪੇਅਰ ਪਾਰਟਸ ਬਣਾਉਣ ਵਾਲੇ ਸਪਲਾਇਰ ਦੀਵਾਲੀਆ ਹੋ ਗਏ ਹਨ। ਇਸ ਨਾਲ ਥਾਈਲੈਂਡ ਦੀ ਉਸ ਸਪਲਾਈ ਚੇਨ ਸੈਕਟਰ 'ਤੇ ਖਤਰਾ ਮੰਡਰਾ ਰਿਹਾ ਹੈ ਜੋ ਲਗਭਗ 7,000,000 ਵਰਕਰਾਂ ਨੂੰ ਰੁਜ਼ਗਾਰ ਦਿੰਦਾ ਹੈ।
