ਮਹਾਰਾਸ਼ਟਰ ’ਚ ਸੋਕਾ: ਅੰਗੂਰਾਂ ਦੀ 40 ਫ਼ੀਸਦੀ ਫ਼ਸਲ ’ਤੇ ਵੱਡਾ ਸੰਕਟ, ਪਾਣੀ ਦੀ ਘਾਟ ਕਾਰਨ ਵੇਲਾਂ ਸੁੱਕਣ ਦਾ ਖ਼ਤਰਾ
Tuesday, Oct 13, 2026 - 03:18 AM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਉੱਤਰੀ ਹਿੱਸੇ ’ਚ ਸੋਕੇ ਵਰਗੇ ਹਾਲਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਅੰਗੂਰ ਕਿਸਾਨਾਂ ਨੂੰ ਫਸਲ ’ਚ ਇਸ ਸਾਲ ਲਗਭਗ 40 ਫੀਸਦੀ ਨੁਕਸਾਨ ਦਾ ਡਰ ਹੈ। ਪਾਣੀ ਦੀ ਕਮੀ ਲੰਬੇ ਸਮੇਂ ਤੱਕ ਬਣੀ ਰਹੀ ਤਾਂ 2027 ’ਚ ਅੰਗੂਰ ਦੀਆਂ ਵੇਲਾਂ ਸੁੱਕ ਸਕਦੀਆਂ ਹਨ। ਨਾਸਿਕ ਜ਼ਿਲ੍ਹੇ ’ਚ ਦੱਖਣ-ਪੱਛਮੀ ਮਾਨਸੂਨ ਦੌਰਾਨ ਆਮ ਮੀਂਹ ਦਾ ਸਿਰਫ 34.3 ਫੀਸਦੀ ਮੀਂਹ ਪਿਆ ਹੈ। ਇਸ ਨਾਲ ਅੰਗੂਰ ਦੇ ਨਾਲ-ਨਾਲ ਬਾਜਰਾ, ਪਿਆਜ਼ ਅਤੇ ਸੋਇਆਬੀਨ ਵਰਗੀਆਂ ਫ਼ਸਲਾਂ ’ਤੇ ਵੀ ਸੰਕਟ ਡੂੰਘਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਵਾਂ ਬਾਗ ਲਾਉਣ ’ਚ ਪ੍ਰਤੀ ਏਕੜ ਲਗਭਗ 5 ਲੱਖ ਰੁਪਏ ਖਰਚ ਹੁੰਦੇ ਹਨ। ਨਵੀਆਂ ਵੇਲਾਂ ਤੋਂ ਵਪਾਰਕ ਫ਼ਸਲ ਮਿਲਣ ’ਚ ਘੱਟੋ-ਘੱਟ 4 ਸਾਲ ਲੱਗਦੇ ਹਨ। ਇਸ ਦੌਰਾਨ ਕਿਸਾਨਾਂ ਨੂੰ ਨਿਵੇਸ਼ ਦੇ ਨਾਲ ਆਮਦਨ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ। ਮਹਾਰਾਸ਼ਟਰ ਦੇ ਅੰਗੂਰ ਉਦਯੋਗ ਨਾਲ ਲਗਭਗ 17 ਲੱਖ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਜੁੜੇ ਹਨ। ਅਲ ਨੀਨੋ ਅਤੇ ਸਰਦੀਆਂ ’ਚ ਘੱਟ ਮੀਂਹ ਦੇ ਖਦਸ਼ੇ ਨੇ ਵੀ ਚਿੰਤਾ ਵਧਾਈ ਹੈ।

ਦਸੰਬਰ-ਜਨਵਰੀ ਤੱਕ ਹੀ ਪਾਣੀ ਦਾ ਸਹਾਰਾ
ਨਾਸਿਕ ਦੇ ਪਿੰਪਲਗਾਓਂ ਬਸਵੰਤ ਦੇ ਅੰਗੂਰ ਕਿਸਾਨ ਵਸੰਤਰਾਓ ਧਿਕਾਲੇ ਨੇ ਦੱਸਿਆ ਕਿ ਉਨ੍ਹਾਂ ਦਾ 5 ਏਕੜ ਦਾ ਬਾਗ ਵੀ ਖਤਰੇ ’ਚ ਹੈ। ਮਾਨਸੂਨ ਦੇ ਆਖਰੀ ਦੌਰ ’ਚ ਕੁਝ ਇਲਾਕਿਆਂ ’ਚ ਮੀਂਹ ਨਾਲ ਤਲਾਬਾਂ ਅਤੇ ਜਲ ਭੰਡਾਰਾਂ ’ਚ ਪਾਣੀ ਇਕੱਠਾ ਹੋਇਆ ਸੀ। ਇਸ ਨਾਲ ਕਿਸਾਨਾਂ ਨੂੰ ਦਸੰਬਰ-ਜਨਵਰੀ ਤੱਕ ਵੇਲਾਂ ਬਚਾਈ ਰੱਖਣ ਦੀ ਉਮੀਦ ਹੈ, ਪਰ 2027 ’ਚ ਸੋਕਾ ਜਾਰੀ ਰਿਹਾ ਤਾਂ ਬਾਗ ਬਚਾਉਣਾ ਮੁਸ਼ਕਿਲ ਹੋਵੇਗਾ।
ਸਾਂਗਲੀ ਅਤੇ ਸੋਲਾਪੁਰ ’ਚ ਹਾਲਾਤ ਗੰਭੀਰ
ਮਹਾਰਾਸ਼ਟਰ ਸਟੇਟ ਗ੍ਰੇਪ ਗ੍ਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕੈਲਾਸ਼ ਭੋਸਲੇ ਅਨੁਸਾਰ ਸਾਂਗਲੀ ਅਤੇ ਸੋਲਾਪੁਰ ’ਚ ਸਥਿਤੀ ਜ਼ਿਆਦਾ ਚਿੰਤਾਜਨਕ ਹੈ। ਕੁਝ ਕਿਸਾਨ ਇਸ ਸਾਲ ਅੰਗੂਰ ਦੀ ਫ਼ਸਲ ਤੋੜਣ ਦੀ ਸਥਿਤੀ ’ਚ ਵੀ ਨਹੀਂ ਪਹੁੰਚ ਸਕਣਗੇ। ਸਾਂਗਲੀ ’ਚ ਪਿਛਲੇ ਹਫ਼ਤੇ ਲਗਭਗ 125 ਮਿਲੀਮੀਟਰ ਮੀਂਹ ਦੇ ਬਾਵਜੂਦ ਉੱਚੇ ਤਾਪਮਾਨ ਕਾਰਨ ਮਿੱਟੀ ਦੀ ਨਮੀ ਤੇਜ਼ੀ ਨਾਲ ਘਟ ਰਹੀ ਹੈ। ਭੋਸਲੇ ਨੇ ਕਿਹਾ ਕਿ ਸਿੰਚਾਈ ਦੇ ਪਾਣੀ ਦੀ ਕਮੀ ਹੋਣ ’ਚ ਵਿਭਾਗ ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਲੋੜਾਂ ਨੂੰ ਤਰਜੀਹ ਦੇ ਸਕਦੇ ਹਨ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਣਗੀਆਂ। ਪਿਛਲੇ ਸੋਕੇ ਵਾਂਗ ਇਸ ਵਾਰ ਵੀ ਬਾਗਾਂ ਨੂੰ ਬਚਾਉਣ ਲਈ ਸਰਕਾਰੀ ਮਦਦ ਦੀ ਲੋੜ ਪੈ ਸਕਦੀ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ 'ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ
ਪਿਆਜ਼ ਦੀ ਬੀਜਾਈ ਵਧਣ ਦੀ ਸੰਭਾਵਨਾ
ਕਿਸਾਨਾਂ ਨੇ ਹੋਰ ਫ਼ਸਲਾਂ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪਿਆਜ਼ ਅਤੇ ਸੋਇਆਬੀਨ ਵੀ ਸੰਕਟ ’ਚ ਹਨ। ਉੱਥੇ ਹੀ, ਮਹਾਰਾਸ਼ਟਰ ਰਾਜ ਪਿਆਜ਼ ਉਤਪਾਦਕ ਕਿਸਾਨ ਸੰਗਠਨ ਦੇ ਪ੍ਰਧਾਨ ਭਾਰਤ ਦਿਘੋਲੇ ਅਨੁਸਾਰ, ਕੁਝ ਕਿਸਾਨ ਨੁਕਸਾਨ ਦੀ ਪੂਰਤੀ ਲਈ ਪਿਆਜ਼ ਦੀ ਬੀਜਾਈ ਵਧਾ ਸਕਦੇ ਹਨ। ਬਹੁਤ ਜ਼ਿਆਦਾ ਮੀਂਹ ’ਚ ਪਿਆਜ਼ ਗਲਣ ਦਾ ਖਤਰਾ ਰਹਿੰਦਾ ਹੈ, ਜਦਕਿ ਘੱਟ ਪਾਣੀ ਦੀ ਸਥਿਤੀ ’ਚ ਕੁਝ ਕੀੜਿਆਂ ਅਤੇ ਰੋਗਾਂ ਦਾ ਕਹਿਰ ਘਟ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
