ਥਾਈਲੈਂਡ ਗੁਫਾ ਮੁਹਿੰਮ ''ਚ ਸ਼ਾਮਲ ਰਹੇ ਨੇਵੀ ਸੀਲ ਅਧਿਕਾਰੀ ਦਾ ਦੇਹਾਂਤ
Monday, Dec 30, 2019 - 10:28 AM (IST)

ਬੈਂਕਾਕ (ਬਿਊਰੋ): ਥਾਈਲੈਂਡ ਵਿਚ ਪਿਛਲੇ ਸਾਲ ਪਾਣੀ ਨਾਲ ਭਰੀ ਗੁਫਾ ਵਿਚੋਂ ਨੌਜਵਾਨ ਫੁੱਟਬਾਲ ਖਿਡਾਰੀਆਂ ਦੀ ਟੀਮ ਨੂੰ ਬਚਾਉਣ ਵਾਲੇ ਨੇਵੀ ਸੀਲ ਅਧਿਕਾਰੀ ਦਾ ਖੂਨ ਵਿਚ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ। ਬਚਾਅ ਮੁਹਿੰਮ ਦੇ ਦੌਰਾਨ ਹੀ ਨੇਵੀ ਸੀਲ ਅਧਿਕਾਰੀ ਦਾ ਖੂਨ ਇਨਫੈਕਟਿਡ ਹੋ ਗਿਆ ਸੀ ਅਤੇ ਇਕ ਸਾਲ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ।
ਥਾਈਲੈਂਡ ਦੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਟੀ ਅਫਸਰ ਬੇਰੁੱਤ ਪਕਬਾਰਾ ਪਿਛਲੇ ਸਾਲ ਗੁਫਾ ਵਿਚੋਂ 12 ਨੌਜਵਾਨ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਨੂੰ ਬਾਹਰ ਕੱਢਣ ਦੇ ਦੌਰਾਨ ਖੂਨ ਵਿਚ ਇਨਫੈਕਸ਼ਨ ਕਾਰਨ ਬੀਮਾਰ ਪੈ ਗਏ ਸਨ। ਪਿਛਲੇ ਇਕ ਸਾਲ ਤੋਂ ਡਾਕਟਰਾਂ ਦੀ ਸਖਤ ਨਿਗਰਾਨੀ ਵਿਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਅਤੇ ਸ਼ੁੱਕਰਵਾਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਜਲ ਸੈਨਾ ਨੇ ਉਹਨਾਂ ਦੇ ਦੇਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਬੇਰੁੱਤ ਦੇ ਗ੍ਰਹਿ ਸੂਬੇ ਸੈਟਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸਲਾਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਹੀ ਉਹਨਾਂ ਨੂੰ ਦਫਨਾ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਥਾਈਲੈਂਡ ਦੀ ਜਲ ਸੈਨਾ ਦੇ ਇਕ ਹੋਰ ਨੇਵਲ ਅਧਿਕਾਰੀ ਸਮਨ ਗੁਨਾਨ ਦੀ ਵੀ ਬਚਾਅ ਕੰਮ ਦੌਰਾਨ ਹੀ ਮੌਤ ਹੋ ਗਈ ਸੀ। ਗੁਫਾ ਵਿਚ ਫਸੇ ਖਿਡਾਰੀਆਂ ਤੱਕ ਏਅਰ ਪਾਈਪਲਾਈਨ ਵਿਛਾਉਣ ਦੇ ਦੌਰਾਨ ਉਹਨਾਂ ਦੀ ਆਕਸੀਜਨ ਖਤਮ ਹੋ ਗਈ ਸੀ। ਗੁਫਾ ਦੇ ਸਾਹਮਣੇ ਸ਼ਹੀਦ ਸਮਨ ਗੁਨਾਨ ਦੀ ਮੂਰਤੀ ਲਗਾਈ ਗਈ ਹੈ।