ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਰੋਹਿੰਗਿਆ ਦੀ ਸੁਰੱਖਿਅਤ ਵਾਪਸੀ ਦੀ ਕੀਤੀ ਅਪੀਲ

11/03/2019 5:15:57 PM

ਬੈਂਕਾਕ (ਭਾਸ਼ਾ): ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨਿਓ ਗੁਤਾਰੇਸ ਨੇ ਮਿਆਂਮਾਰ ਤੋਂ ਮਿਲਟਰੀ ਮੁਹਿੰਮਾਂ ਵਿਚ ਕੱਢੇ ਗਏ ਰੋਹਿੰਗਿਆ ਸ਼ਰਨਾਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਐਤਵਾਰ ਨੂੰ ਅਪੀਲ ਕੀਤੀ। ਰੋਹਿੰਗਿਆ ਭਾਈਚਾਰੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਦੋ ਸਾਲ ਤੋਂ ਵੱਧ ਸਮੇਂ ਦੇ ਬਾਅਦ ਉੱਥੋਂ ਦੀ ਨੇਤਾ ਆਂਗ ਸਾਨ ਸੂ ਕੀ ਦੇ ਸਾਹਮਣੇ ਇਹ ਅਪੀਲ ਕੀਤੀ ਗਈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਦੱਖਣ ਪੂਰਬ ਏਸ਼ੀਆਈ ਨੇਤਾਵਾਂ ਦੇ ਇਕ ਸਿਖਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਐਂਟੋਨਿਓ ਗੁਤਾਰੇਸ ਨੇ ਕਿਹਾ ਕਿ ਉਹ ਰੋਹਿੰਗਿਆਂ ਦੀ ਮਾੜੀ ਹਾਲਤ 'ਤੇ ਬਹੁਤ ਚਿੰਤਤ ਹਨ। ਉਨ੍ਹਾਂ ਦੇ ਸੰਬੋਧਨ ਦੇ ਦੌਰਾਨ ਮਿਆਂਮਾਰ ਦੀ ਨੇਤਾ ਸੂ ਕੀ ਵੀ ਉੱਥੇ ਮੌਜੂਦ ਸੀ। 

ਸਾਲ 2017 ਵਿਚ ਰਖਾਇਨ ਸੂਬੇ ਵਿਚ ਹਿੰਸਾ ਦੇ ਕਾਰਨ 7 ਲੱਖ 40 ਹਜ਼ਾਰ ਰੋਹਿੰਗਿਆ ਨੂੰ ਦੇਸ਼ ਛੱਡ ਕੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਸ਼ਰਨਾਰਥੀ ਕੈਂਪਾਂ ਵਿਚ ਸ਼ਰਨ ਲੈਣੀ ਪਈ। ਸੰਯੁਕਤ ਰਾਸ਼ਟਰ ਦੇ ਜਾਂਚ ਅਧਿਕਾਰੀਆਂ ਨੇ ਰੋਹਿੰਗਿਆ ਵਿਰੁੱਧ ਫੌਜ ਦੀ ਮੁਹਿੰਮ ਨੂੰ ਕਤਲੇਆਮ ਦੱਸਿਆ ਸੀ। ਮਿਆਂਮਾਰ ਰੋਹਿੰਗਿਆ ਨੂੰ ਆਪਣਾ ਨਾਗਰਿਕ ਨਹੀਂ ਮੰਨਦਾ ਹੈ। ਗੁਤਾਰੇਸ ਨੇ ਕਿਹਾ ਕਿ ਮਿਆਂਮਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਰਨਾਰਥੀਆਂ ਦੀ ਸੁਰੱਖਿਅਤ, ਸਨਮਾਨਪੂਰਵਕ ਅਤੇ ਸਥਾਈ ਵਾਪਸੀ ਲਈ ਅਨੁਕੂਲ ਮਾਹੌਲ ਬਣਾਏ। ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਸਮੂਹਾਂ, ਗਲੋਬਲ ਨੇਤਾਵਾਂ ਦੀਆਂ ਲਗਾਤਾਰ ਅਪੀਲਾਂ ਦੇ ਬਾਵਜੂਦ ਰੋਹਿੰਗਿਆ ਦੇ ਪ੍ਰਤੀ ਮਿਆਂਮਾਰ ਦਾ ਰੁੱਖ਼ ਨਹੀਂ ਬਦਲ ਰਿਹਾ।


Vandana

Content Editor

Related News