ਟੈਕਸਾਸ ਦੇ ਬੈਂਕ ’ਚ ਮਾਸਕ ਪਾਉਣ ਤੋਂ ਇਨਕਾਰ ਕਰਨ ’ਤੇ ਜਨਾਨੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
Monday, Mar 15, 2021 - 05:15 PM (IST)
ਗਾਲਵੇਸਟ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਟੈਕਸਾਸ ਸਥਿਤ ਇਕ ਬੈਂਕ ਵਿਚ ਮਾਸਕ ਪਾਉਣ ਤੋਂ ਇਨਕਾਰ ਕਰਨ ’ਤੇ ਇਕ ਜਨਾਨੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਜਨਾਨੀ ਨੇ ਮਾਸਕ ਪਾਉਣ ਤੋਂ ਇਨਕਾਰ ਕਰਦੇ ਹੋਏ ਪੁਲਸ ਅਧਿਕਾਰੀ ਨੂੰ ਕਿਹਾ ਸੀ, ‘ਤੁਸੀਂ ਕੀ ਕਰੋਗੇ, ਮੈਨੂੰ ਗ੍ਰਿਫ਼ਤਾਰ ਕਰੋਗੇ? ਪੁਲਸ ਨੇ ਓਰੇਗਨ ਦੇ ਗ੍ਰਾਂਟ ਪਾਸ ਦੀ ਨਿਵਾਸੀ 65 ਸਾਲਾ ਟੇਰੀ ਰਾਈਟ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।
ਗਾਲਵੇਸਟਨ ਕਾਊਂਟੀ ਡੇਲੀ ਨਿਊਜ਼ ਮੁਤਾਬਕ, ਮਾਸਕ ਪਾਉਣ ਤੋਂ ਇਨਕਾਰ ਕਰਨ ਦੀ ਘਟਨਾ ਵੀਰਵਾਰ ਦੀ ਹੈ। ਬੈਂਕ ਆਫ਼ ਅਮਰੀਕਾ ਦੀ ਗਾਲਵੇਸਟਨ ਸ਼ਾਖਾ ਵਿਚ ਹੋਈ ਘਟਨਾ ਦੀ ਤਸਵੀਰ ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਪੁਲਸ ਨੇ ਕਿਹਾ ਕਿ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਅਤੇ ਅਣਅਧਿਕਾਰਤ ਪ੍ਰਵੇਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਟੈਕਸਾਸ ਦੇ ਗਵਰਨਰ ਗ੍ਰੇਗ ਏਬਾਟ ਨੇ ਬੁੱਧਵਾਰ ਨੂੰ ਪੂਰੇ ਸੂਬੇ ਵਿਚ ਜਨਤਕ ਸਥਾਨਾਂ ’ਤੇ ਮਾਸਕ ਪਾਉਣ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਰੋਬਾਰੀ ਸੰਸਥਾਵਾਂ ਖ਼ੁਦ ਤੈਅ ਕਰਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਦਾਰਿਆਂ ਵਿਚ ਕੋਵਿਡ-19 ਤੋਂ ਬਚਾਅ ਲਈ ਕਿਨ੍ਹਾਂ ਉਪਾਵਾਂ ਨੂੰ ਲਾਗੂ ਕਰਨਾ ਹੈ। ਪੁਲਸ ਨੇ ਦੱਸਿਆ ਕਿ ਮਹਿਲਾ ਵੱਲੋਂ ਮਾਸਕ ਪਾਉਣ ਅਤੇ ਕੰਪਲੈਕਸ ਵਿਚ ਜਾਣ ਤੋਂ ਇਨਕਾਰ ਕਰਨ ’ਤੇ ਬੈਂਕ ਮੈਨੇਜਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ।