Tesla 'ਤੇ 6 ਜਨਾਨੀਆਂ ਨੇ ਠੋਕਿਆ ਮੁਕੱਦਮਾ, Elon Musk ਦੀਆਂ ਵਧ ਸਕਦੀਆਂ ਹਨ ਮੁਸੀਬਤਾਂ

12/16/2021 6:35:44 PM

ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਵੱਡੇ ਅਮੀਰ ਏਲਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕੰਪਨੀ 'ਚ ਇਕ ਤੋਂ ਬਾਅਦ ਇਕ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਮੰਗਲਵਾਰ ਨੂੰ ਕੰਪਨੀ ਦੀਆਂ ਛੇ ਮਹਿਲਾ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਟੇਸਲਾ ਦੇ ਕੈਲੀਫੋਰਨੀਆ ਪਲਾਂਟ ਅਤੇ ਹੋਰ ਸੁਵਿਧਾਵਾਂ ਤਹਿਤ ਜਿਨਸੀ ਸ਼ੋਸ਼ਣ ਦਾ ਕਲਚਰ ਹੈ। ਇਨ੍ਹਾਂ ਵਿੱਚ ਮਹਿਲਾ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਛੂਹਣਾ ਅਤੇ ਸ਼ਿਕਾਇਤ ਕਰਨ ਦਾ ਬਦਲਾ ਲੈਣਾ ਸ਼ਾਮਲ ਹੈ।

ਇਨ੍ਹਾਂ ਮਹਿਲਾ ਮੁਲਾਜ਼ਮਾਂ ਨੇ ਕੈਲੀਫੋਰਨੀਆ ਦੀ ਅਦਾਲਤ ਵਿੱਚ ਵੱਖ-ਵੱਖ ਮੁਕੱਦਮਾ ਦਾਇਰ ਕੀਤਾ ਹੈ। ਇਹਨਾਂ ਵਿੱਚੋਂ 5 ਔਰਤਾਂ ਟੇਸਲਾ ਦੀ ਫਰੀਮੌਂਟ ਫੈਕਟਰੀ ਵਿੱਚ ਕੰਮ ਕਰਦੀਆਂ ਹਨ ਜਾਂ ਕੰਮ ਕਰ ਚੁੱਕੀਆਂ ਹਨ, ਜਦੋਂ ਕਿ ਇੱਕ ਔਰਤ ਦੱਖਣੀ ਕੈਲੀਫੋਰਨੀਆ ਵਿੱਚ ਕੰਪਨੀ ਦੇ ਸੇਵਾ ਕੇਂਦਰਾਂ ਦੀ ਕਰਮਚਾਰੀ ਰਹੀ ਹੈ। ਇਸ ਦਾ ਸੇਕ ਕੰਪਨੀ ਦੇ ਸੀਈਓ ਐਲੋਨ ਮਸਕ ਤੱਕ ਵੀ ਪਹੁੰਚ ਗਿਆ ਹੈ। ਇਕ ਮਹਿਲਾ ਕਰਮਚਾਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਟਵੀਟ ਸੈਕਸ ਅਤੇ ਡਰੱਗਜ਼ ਤੋਂ ਪ੍ਰੇਰਿਤ ਰਹਿੰਦੇ ਹਨ।

ਇਹ ਵੀ ਪੜ੍ਹੋ : ITR ਫਾਈਲ ਤੋਂ ਲੈ ਕੇ PF ਤੱਕ, ਇਸੇ ਮਹੀਨੇ ਪੂਰੇ ਕਰਨੇ ਲਾਜ਼ਮੀ ਹਨ ਇਹ ਕੰਮ

ਆਮ ਹੈ ਜਿਨਸੀ ਸ਼ੋਸ਼ਣ

ਉਨ੍ਹਾਂ ਵਿੱਚੋਂ ਇੱਕ Michala Curran ਨੇ 18 ਸਾਲ ਦੀ ਉਮਰ ਵਿੱਚ ਟੇਸਲਾ ਦੇ ਫ੍ਰੀਮੈਂਟ ਪਲਾਂਟ ਵਿੱਚ ਨੌਕਰੀ ਸ਼ੁਰੂ ਕੀਤੀ। ਉਸ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਬਾਅਦ ਉਸ ਦੇ ਸੁਪਰਵਾਈਜ਼ਰ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਗਲਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇੱਕ ਮਰਦ ਮੁਲਾਜ਼ਮ ਨੇ ਹੱਦ ਹੀ ਪਾਰ ਕਰ ਦਿੱਤੀ ਸੀ। ਉਸ ਨੇ Curran ਨਾਲ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪਲਾਂਟ ਦੇ ਕਰਮਚਾਰੀ ਅਕਸਰ ਪਾਰਕਿੰਗ ਵਿੱਚ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ।

Curran ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਹਾਈ ਸਕੂਲ ਤੋਂ ਬਾਅਦ ਇਹ ਉਸ ਦੀ ਪਹਿਲੀ ਨੌਕਰੀ ਸੀ ਅਤੇ ਉਸ ਨੂੰ ਕਰੀਬ ਦੋ ਮਹੀਨੇ ਤਕ ਪ੍ਰੇਸ਼ਾਨ ਕੀਤਾ ਗਿਆ। ਇਸ ਤੋਂ ਬਾਅਦ ਉਹ ਹੋਰ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਨੇ ਨੌਕਰੀ ਛੱਡ ਦਿੱਤੀ। Curran ਨੇ ਕਿਹਾ ਕਿ ਟੇਸਲਾ 'ਤੇ ਜਿਨਸੀ ਸ਼ੋਸ਼ਣ ਆਮ ਗੱਲ ਹੈ। ਉਨ੍ਹਾਂ ਤੋਂ ਇਲਾਵਾ ਜੈਸਿਕਾ ਬਰੂਕਸ, ਸਮੀਰਾ ਸ਼ੇਪਾਰਡ, ਈਡਨ ਮੇਡੇਰੋਸ, ਅਲੀਜ਼ ਬ੍ਰਾਊਨ ਅਤੇ ਅਲੀਸਾ ਬਲਿਕਮੈਨ ਨੇ ਵੀ ਟੇਸਲਾ ਖਿਲਾਫ ਮੁਕੱਦਮੇ ਦਾਇਰ ਕੀਤੇ ਹਨ।

ਇਹ ਵੀ ਪੜ੍ਹੋ : 99,999 ਰੁਪਏ 'ਚ ਵਿਕੀ ਅਸਾਮ ਦੀ ਇਕ ਕਿਲੋ ਚਾਹ, ਤੋੜੇ ਰਿਕਾਰਡ

ਏਲਨ ਮਸਕ 'ਤੇ ਵੀ ਲਗਾਏ ਗੰਭੀਰ ਦੋਸ਼

ਅਲੀਸਾ ਬਲਿਕਮੈਨ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਜਦੋਂ ਉਸ ਨੇ ਦੁਰਵਿਵਹਾਰ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਵਿਸ਼ੇਸ਼ ਅਧਿਕਾਰਾਂ ਅਤੇ ਲਾਭਾਂ ਤੋਂ ਵਾਂਝੇ ਕੀਤਾ ਗਿਆ ਹੈ ਜੋ ਚੁੱਪ ਰਹਿਣ ਵਾਲੀਆਂ ਔਰਤਾਂ ਨੂੰ ਦਿੱਤੇ ਜਾਂਦੇ ਹਨ। ਮੇਡੇਰੋਸ ਨੇ ਮਸਕ 'ਤੇ ਸਿੱਧੇ ਤੌਰ 'ਤੇ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਥੀ ਕਰਮਚਾਰੀਆਂ ਨਾਲ ਭੱਦਾ ਮਜ਼ਾਕ ਕਰਦਾ ਹੈ। ਜਦੋਂ ਮਾਡਲ Y ਨੂੰ ਲਾਂਚ ਕੀਤਾ ਗਿਆ ਸੀ, ਤਾਂ ਮਸਕ ਨੇ ਕਿਹਾ ਸੀ ਕਿ ਜੇਕਰ ਟੇਸਲਾ ਦੇ ਮਾਡਲ S, 3, X ਅਤੇ Y ਨੂੰ ਇਕੱਠੇ ਪੜ੍ਹਿਆ ਜਾਵੇ, ਤਾਂ ਇਹ SEXY ਬਣ ਜਾਂਦਾ ਹੈ।

ਟੇਸਲਾ, ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ, ਆਪਣੇ ਫ੍ਰੀਮਾਂਟ ਪਲਾਂਟ ਵਿੱਚ ਆਪਣੇ ਮਾਡਲ S, ਮਾਡਲ 3, ਮਾਡਲ X ਅਤੇ ਮਾਡਲ Y ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਕਰਦੀ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ, ਟੇਸਲਾ ਨੂੰ ਉਸੇ ਪਲਾਂਟ ਦੇ ਇੱਕ ਸਾਬਕਾ ਠੇਕੇਦਾਰ ਨੂੰ 137 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਇਹ ਮਾਮਲਾ ਨਸਲੀ ਛੇੜਛਾੜ ਨਾਲ ਸਬੰਧਤ ਸੀ।

ਇਹ ਵੀ ਪੜ੍ਹੋ : ਬੈਂਕਾਂ ਨੂੰ 13 ਕੰਪਨੀਆਂ ਦੇ ਬੈਡ ਲੋਨ ਕਾਰਨ 2.85 ਲੱਖ ਕਰੋੜ ਦਾ ਨੁਕਸਾਨ, ਦੋ ਦਿਨਾਂ ਹੜਤਾਲ ਦਾ ਸੱਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News