ਭਾਰਤ ਦੀ ਫਟਕਾਰ ਦਾ ਅਸਰ, ਪਾਕਿ ਨੇ ਮੁਰੰਮਤ ਦੇ ਬਾਅਦ ਹਿੰਦੂਆਂ ਨੂੰ ਸੌਂਪਿਆ ਮੰਦਰ

Tuesday, Aug 10, 2021 - 01:38 PM (IST)

ਲਾਹੌਰ (ਭਾਸ਼ਾ) : ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਸੂਬੇ ਵਿਚ ਭੀੜ ਦੇ ਹਮਲੇ ਵਿਚ ਬੁਰੀ ਤਰ੍ਹਾਂ ਨੁਕਸਾਨੇ ਗਏ ਮੰਦਰ ਦੀ ਮੁਰੰਮਤ ਦਾ ਕੰਮ ਪੂਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿਚ ਕੁੱਲ 90 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਹੌਰ ਤੋਂ ਕਰੀਬ 590 ਕਿਲੋਮੀਟਰ ਦੂਰ ਸਥਿਤ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿਚ ਬੀਤੇ ਬੁੱਧਵਾਰ ਨੂੰ ਇਕ ਮੰਦਰ ’ਤੇ ਭੀੜ ’ਤੇ ਹਮਲਾ ਕਰ ਦਿੱਤਾ ਸੀ। ਭੀੜ ਨੇ ਇਕ ਸਥਾਨਕ ਮਦਰਸੇ ਨੂੰ ਕਥਿਤ ਤੌਰ ’ਤੇ ਅਪਵਿੱਤਰ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ 8 ਸਾਲਾ ਹਿੰਦੂ ਮੁੰਡੇ ਨੂੰ ਅਦਾਲਤ ਵੱਲੋਂ ਰਿਹਾਅ ਕਰਨ ਦੇ ਵਿਰੋਧ ਵਿਚ ਮੰਦਰ ’ਤੇ ਹਮਲਾ ਕੀਤਾ ਸੀ।

ਰਹੀਮ ਯਾਰ ਖਾਨ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਅਸਦ ਸਰਫਰਾਜ ਨੇ ਕਿਹਾ, ‘ਸਰਕਾਰ ਨੇ ਮੰਦਰ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਇਸ ਨੂੰ ਸਥਾਨਕ ਹਿੰਦੂ ਭਾਈਚਾਰੇ ਹਵਾਲੇ ਕਰ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਇਹ ਪੂਜਾ-ਅਰਚਨਾ ਲਈ ਤਿਆਰ ਹੈ। ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਸਰਫਰਾਜ ਨੇ ਕਿਹਾ, ‘ਵੀਡੀਓ ਫੁਟੇਜ ਦੀ ਮਦਦ ਨਾਲ ਕੁੱਲ 90 ਸ਼ੱਕੀਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਏਗਾ।’

ਅਧਿਕਾਰੀ ਨੇ ਦੱਸਿਆ ਕਿ ਮੁੱਖ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਹੈਦਰਾਬਾਦ ਦੇ ਲੋਕਾਂ ਨੂੰ ਭਗਵਾਨ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਸੌਂਪਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰੀ ਨੇ ਮੰਦਰ ’ਤੇ ਹੋਏ ਹਮਲੇ ਨੂੰ ‘ਸ਼ਰਮਨਾਕ’ ਕਰਾਰ ਦਿੰਦੇ ਹੋਏ ਦੱਸਿਆ ਸੀ ਕਿ ਪੁਲਸ ਨੇ ਮਾਮਲੇ ਵਿਚ 50 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਦਰ ’ਤੇ ਹਮਲਾ ਕਰਨ ਦੇ ਦੋਸ਼ ਵਿਚ 150 ਤੋਂ ਵੱਧ ਲੋਕਾਂ ਖ਼ਿਲਾਫ਼ ਅੱਤਵਾਦ ਅਤੇ ਪਾਕਿਸਤਾਨ ਸਜ਼ਾ ਜ਼ਾਬਤਾ ਦੀਆਂ ਹੋਰ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।


cherry

Content Editor

Related News