ਸੜਕ ਦੁਰਘਟਨਾ ''ਚ 15 ਸਾਲਾ ਕੁੜੀ ਹੋਈ ਜ਼ਖਮੀ, ਦੋਸ਼ੀ ਹਿਰਾਸਤ ''ਚ

Wednesday, May 09, 2018 - 11:03 AM (IST)

ਐਡਮਿੰਟਨ— ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਇਕ ਪੈਦਲ ਜਾ ਰਹੀ 15 ਸਾਲਾ ਕੁੜੀ ਸੜਕ ਹਾਦਸੇ 'ਚ ਜ਼ਖਮੀ ਹੋ ਗਈ। ਉਸ ਦੇ ਸਿਰ 'ਚ ਅਤੇ ਲੱਤ 'ਤੇ ਸੱਟਾਂ ਲੱਗੀਆਂ ਅਤੇ ਇਲਾਜ ਚੱਲ ਰਿਹਾ ਹੈ। ਸਥਾਨਕ ਪੁਲਸ ਨੇ ਜਾਣਕਾਰੀ ਦਿੱਤੀ ਕਿ ਸ਼ਾਮ 6.30 ਵਜੇ ਲੜਕੀ 38ਵੇਂ ਅਵੈਨਿਊ ਅਤੇ 31ਵੀਂ ਗਲੀ ਕੋਲ ਹਾਦਸੇ ਦੀ ਸ਼ਿਕਾਰ ਹੋ ਗਈ। ਉਹ ਇਕੱਲੀ ਹੀ ਇੱਥੋਂ ਲੰਘ ਰਹੀ ਸੀ। ਜਾਂਚ ਅਧਿਕਾਰੀਆਂ ਮੁਤਾਬਕ ਦੋਸ਼ੀ ਡਰਾਈਵਰ ਤੇਜ਼ ਗੱਡੀ ਚਲਾ ਰਿਹਾ ਸੀ। ਕਾਂਸਟੇਬਲ ਜੋਏ ਸਲੇਮਕੋ ਨੇ ਕਿਹਾ,''ਜੋ ਜਾਣਕਾਰੀ ਸਾਨੂੰ ਮਿਲੀ ਹੈ, ਉਸ ਮੁਤਾਬਕ ਦੋਸ਼ੀ ਡਰਾਈਵਰ ਨੇ ਕੁੜੀ ਨੂੰ ਟੱਕਰ ਮਾਰੀ ਅਤੇ ਫਿਰ ਬਾਹਰ ਨਿਕਲ ਕੇ ਦੇਖਿਆ। ਇਸ ਦੇ ਨਾਲ ਹੀ ਉਹ ਮੁੜ ਗੱਡੀ 'ਚ ਬੈਠਾ ਅਤੇ ਘਟਨਾ ਵਾਲੀ ਥਾਂ ਤੋਂ ਭੱਜ ਗਿਆ।'' 

ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਦੋਸ਼ੀ ਡਰਾਈਵਰ ਨੂੰ ਚਾਹੀਦਾ ਸੀ ਕਿ ਉਹ ਘੱਟੋ-ਘੱਟ ਬੱਚੀ ਨੂੰ ਫਸਟ ਏਡ ਤਾਂ ਦਿੰਦਾ ਪਰ ਉਸ ਨੇ ਅਜਿਹਾ ਕੁੱਝ ਨਾ ਕੀਤਾ ਅਤੇ ਇਕ ਗਲਤੀ ਕਰਨ ਮਗਰੋਂ ਇਕ ਹੋਰ ਗਲਤੀ ਕਰ ਦਿੱਤੀ। 38ਵੇਂ ਅਵੈਨਿਊ 'ਤੇ ਲੰਬੇ ਸਮੇਂ ਤਕ ਟ੍ਰੈਫਿਕ ਰਿਹਾ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਥੋੜੀ ਦੇਰ ਬਾਅਦ ਆਵਾਜਾਈ ਠੀਕ ਹੋ ਗਈ। ਪੁਲਸ ਨੇ ਤੇਜ਼ੀ ਨਾਲ ਦੋਸ਼ੀ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ। ਪੁਲਸ ਨੇ ਰਾਤ 9 ਵਜੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਦੋਸ਼ੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ 20 ਸਾਲ ਦਾ ਨੌਜਵਾਨ ਹੈ ਅਤੇ ਉਹ ਉਸ ਤੋਂ ਪੁੱਛ-ਪੜਤਾਲ ਕਰ ਰਹੇ ਹਨ।


Related News