ਸਵੀਡਨ ਦੇ ਸਕੂਲ ''ਚ ਵਿਅਕਤੀ ''ਤੇ ਚਾਕੂ ਨਾਲ ਹਮਲਾ, ਅੱਲ੍ਹੜ ਗ੍ਰਿਫਤਾਰ
Thursday, Aug 19, 2021 - 07:36 PM (IST)
ਕੋਪੇਨਹੇਗਨ-ਸਵੀਡਨ 'ਚ ਚਾਕੂ ਨਾਲ ਕੀਤੇ ਗਏ ਹਮਲੇ 'ਚ ਇਕ ਸਕੂਲ ਦੇ ਕਰਮਚਾਰੀ ਦੇ ਗੰਭੀਰ ਤੌਰ 'ਤੇ ਜ਼ਖਮੀ ਹੋਣ ਤੋਂ ਬਾਅਦ ਕਤਲ ਦੀ ਕੋਸ਼ਿਸ਼ ਦੇ ਸ਼ੱਕ 'ਚ 15 ਸਾਲ ਦੇ ਅੱਲ੍ਹੜ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਸਥਾਨਕ ਅਖਬਾਰ ਮੁਤਾਬਕ ਹਮਲਾਵਰ ਕੋਲ ਇਕ ਲੰਬਾ ਚਾਕੂ ਸੀ ਅਤੇ ਉਸ ਨੇ 'ਕੰਕਾਲ' ਵਰਗਾ ਮਾਸਕ ਅਤੇ ਹੈਲਮੇਟ ਅਤੇ ਬੁਲਟ ਪਰੂਫ ਜੈਕੇਟ ਪਾਈ ਹੋਈ ਸੀ। ਪੁਲਸ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਡਿਪਲੋਮੈਟ ਨੇ ਗਨੀ 'ਤੇ 16.9 ਕਰੋੜ ਡਾਲਰ ਦੀ 'ਚੋਰੀ' ਦਾ ਲਾਇਆ ਦੋਸ਼
ਪੁਲਸ ਬੁਲਾਰੇ ਈਵਾ ਗਨ ਵੈਸਟਫੋਰਡ ਨੇ ਕਿਹਾ ਕਿ 45 ਸਾਲਾ ਜ਼ਖਮੀ ਪੁਰਸ਼ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਲ੍ਹੜ ਨੂੰ ਸਕੂਲ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ। ਵੈਸਟਫੋਰਡ ਨੇ ਕਿਹਾ ਕਿ ਗ੍ਰਿਫਤਾਰੀ ਦੌਰਾਨ ਇਕ ਪੁਲਸ ਅਧਿਕਾਰੀ ਨੇ ਗੋਲੀ ਚਲਾਈ। ਘਟਨਾ ਸਵੀਡਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ਮਾਲਮੋ ਤੋਂ 36 ਕਿਲੋਮੀਟਰ ਦੂਰ ਐਸਲਾਵ 'ਚ ਹੋਈ। ਵੈਸਟਫੋਰਡ ਨੇ ਕਿਹਾ ਕਿ ਹਮਲਾਵਰ ਦਾ ਇਰਾਦਾ ਕੀ ਸੀ ਇਹ ਸਪੱਸ਼ਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਲ਼੍ਹੜ ਸਕੂਲ ਦਾ ਵਿਦਿਆਰਥੀ ਹੈ ਜਾਂ ਨਹੀਂ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।