ਐੱਮ.ਪੀ. ਢੇਸੀ ਨੇ ਬ੍ਰਿਟਿਸ਼ ਸੰਸਦ ''ਚ ਚੁੱਕਿਆ ਕਿਸਾਨੀ ਅਤੇ NIA ਦੇ ਨੋਟਿਸਾਂ ਦਾ ਮੁੱਦਾ
Thursday, Jan 21, 2021 - 06:06 PM (IST)
ਲੰਡਨ (ਬਿਊਰੋ): ਇੰਗਲੈਂਡ ਦੀ ਲੇਬਰ ਪਾਰਟੀ ਦੇ ਨੌਜਵਾਨ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਭਾਰਤੀ ਕਿਸਾਨਾਂ ਦੇ ਮਾਮਲੇ ਨੂੰ ਮੁੜ ਬਰਤਾਨੀਆ ਦੀ ਸੰਸਦ ਵਿਚ ਚੁੱਕਿਆ ਹੈ। ਢੇਸੀ ਨੇ ਸੰਸਦ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਸਮਾਜਿਕ ਤੇ ਧਾਰਮਿਕ ਆਗੂਆਂ ਸਮੇਤ ਕੁਝ ਪੱਤਰਕਾਰਾਂ ਨੂੰ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਨੋਟਿਸ ਭੇਜਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਸੰਸਦ ਵਿਚ ਇਸ ਮੁੱਦੇ ਨੂੰ ਰੱਖਦਿਆਂ ਕਿਹਾ ਕਿ ਭਾਰਤ ਵਿਚ ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਤੇ ਜਦੋਂ ਉਹ 25 ਨਵੰਬਰ ਨੂੰ ਦਿੱਲੀ ਜਾ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿਚ ਰੋਕਿਆ ਗਿਆ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਸਨ। ਢੇਸੀ ਨੇ ਮੰਗ ਕੀਤੀ ਕਿ ਐੱਨ.ਆਈ.ਏ. ਵੱਲੋਂ ਭੇਜੇ ਨੋਟਿਸਾਂ ਦਾ ਮੁੱਦਾ ਇੰਗਲੈਂਡ ਦੀ ਸਰਕਾਰ ਭਾਰਤ ਸਰਕਾਰ ਸਾਹਮਣੇ ਚੁੱਕੇ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ।
ਢੇਸੀ ਨੇ ਕਿਸਾਨਾਂ ਦਾ ਮਾਮਲਾ ਹੁਣ ਤੱਕ ਹੱਲ ਨਾ ਹੋਣ 'ਤੇ ਚਿੰਤਾ ਵੀ ਪ੍ਰਗਟ ਕੀਤੀ। ਉਹਨਾਂ ਨੇ ਦੱਸਿਆ ਕਿ ਇੰਗਲੈਂਡ ਦੀਆਂ ਵੱਖ-ਵੱਖ ਪਾਰਟੀਆਂ ਦੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਪਿਛਲੇ ਦਿਨੀਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਜਿਹੜੀ ਚਿੱਠੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲਿਖੀ ਸੀ, ਉਸ ਦੇ ਜਵਾਬ ਦਾ ਉਹਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਇੰਗਲੈਂਡ ਦੇ ਵਿਦੇਸ਼ ਮੰਤਰੀ ਡੋਨਮਿਕ ਰਾਬ ਕੋਲ ਵੀ ਉਹਨਾਂ ਨੇ ਭਾਰਤੀ ਅਥਾਰਿਟੀ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਪਰੇਸ਼ਾਨੀਆਂ ਅਤੇ ਕੀਤੀ ਜਾ ਰਹੀ ਧੱਕੇਸ਼ਾਹੀ ਦੀਆਂ ਰਿਪੋਰਟਾਂ ਬਾਰੇ ਜਾਣੂ ਕਰਵਾਇਆ ਸੀ, ਜਿਸ ਸੰਬੰਧੀ ਵਿਦੇਸ਼ ਮੰਤਰੀ ਰਾਬ ਨੇ ਆਪਣੀ ਭਾਰਤ ਫੇਰੀ ਦੌਰਾਨ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੁੱਦੇ ਨੂੰ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕਰ ਕੇ ਵਿਚਾਰਿਆ ਸੀ।
ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਨੂੰ ਜਲਦੀ ਹੱਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਢੇਸੀ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਉਹ ਭਾਰਤ ਅਤੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਇਨਸਾਫ ਦਿਵਾਉਣ ਵਿਚ ਜ਼ਰੂਰ ਸਫਲ ਹੋਣਗੇ। ਉਹਨਾਂ ਨੇ ਕਿਹਾ ਕਿ ਪਿਛਲੇ 56 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਕੜਾਕੇ ਦੀ ਠੰਡ ਵਿਚ ਰਾਤਾਂ ਕੱਟ ਰਹੇ ਕਿਸਾਨਾਂ ਦੇ ਦਰਦ ਉਹਨਾਂ ਤੋਂ ਦੇਖੇ ਨਹੀਂ ਜਾ ਰਹੇ ਹਨ, ਜਿਸ ਕਰ ਕੇ ਉਹ ਵੀ ਉਹਨਾਂ ਪ੍ਰਤੀ ਹਮੇਸ਼ਾ ਚਿੰਤਾ ਵਿਚ ਰਹਿੰਦੇ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।