ਤਾਲਿਬਾਨ ਦਾ ਨਵਾਂ ਕਦਮ, ਹਥਿਆਰਬੰਦ ਬਲਾਂ ''ਚ ''ਆਤਮਘਾਤੀ ਹਮਲਾਵਰਾਂ'' ਦੀ ਕਰੇਗਾ ਭਰਤੀ
Friday, Jan 07, 2022 - 05:54 PM (IST)
 
            
            ਕਾਬੁਲ (ਬਿਊਰੋ): ਤਾਲਿਬਾਨ ਹਥਿਆਰਬੰਦ ਬਲਾਂ 'ਚ ਹੁਣ ਆਤਮਘਾਤੀ ਹਮਲਾਵਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਫ਼ੌਜ ਵਿਚ ਭਰਤੀ ਕਰੇਗਾ। ਅਫਗਨਿਸਤਾਨ ਦੀ ਸੱਤਾ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ ਹੀ ਤਾਲਿਬਾਨ ਆਪਣੇ ਵਿਰੋਧੀ ਇਸਲਾਮਿਕ ਸਟੇਟ ਤੋਂ ਵੱਡਾ ਖਤਰਾ ਮਹਿਸੂਸ ਕਰ ਰਿਹਾ ਹੈ। ਉਸੇ ਖਤਰੇ ਨਾਲ ਨਜਿੱਠਣ ਲਈ ਤਾਲਿਬਾਨ ਨੇ ਇਹ ਕਦਮ ਚੁੱਕਿਆ ਹੈ।
ਅਗਸਤ 2021 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਤਾਲਿਬਾਨ ਨੇ 20 ਸਾਲ ਦੇ ਯੁੱਧ ਵਿਚ ਅਮਰੀਕੀ ਅਤੇ ਅਫਗਾਨ ਸੈਨਿਕਾਂ 'ਤੇ ਹਮਲਾ ਕਰਨ ਅਤੇ ਉਹਨਾਂ ਨੂੰ ਹਰਾਉਣ ਲਈ ਆਤਮਘਾਤੀ ਹਮਲਾਵਰਾਂ ਦੀ ਵਰਤੋਂ ਇਕ ਮਹੱਤਵਪੂਰਨ ਹਥਿਆਰ ਦੇ ਤੌਰ 'ਤੇ ਕੀਤੀ ਸੀ। ਹੁਣ ਤਾਲਿਬਾਨ ਸੱਤਾ ਵਿਚ ਵਾਪਸੀ ਤੋਂ ਬਾਅਦ ਵੀ ਕੁਝ ਅਜਿਹਾ ਹੀ ਕਰਨ ਜਾ ਰਿਹਾ ਹੈ। ਤਾਲਿਬਾਨ ਉਹਨਾਂ ਸਾਰੇ ਆਤਮਘਾਤੀ ਹਮਲਾਵਰਾਂ ਨੂੰ ਮੁੜ ਤੋਂ ਆਪਣੇ ਲੜਾਕਿਆਂ ਵਿਚ ਸ਼ਾਮਲ ਕਰ ਰਿਹਾ ਹੈ। ਤਾਲਿਬਾਨ ਦੇ ਡਿਪਟੀ ਬੁਲਾਰੇ ਬਿਲਾਲ ਕਰੀਮੀ ਨੇ ਦੱਸਿਆ ਕਿ ਹੁਣ ਤਾਲਿਬਾਨ ਅਫਗਾਸਿਤਾਨ ਦੀ ਰੱਖਿਆ ਲਈ ਦੇਸ਼ ਭਰ ਵਿਚ ਆਤਮਘਾਤੀ ਹਮਲਾਵਰਾਂ ਦੇ ਖਿੰਡੇ ਹੋਏ ਦਸਤਿਆਂ ਨੂੰ ਸੰਗਠਿਤ ਕਰ ਕੇ ਇਕ ਵਿਸ਼ੇਸ਼ ਦਸਤਾ ਬਣਾਉਣਾ ਚਾਹੁੰਦਾ ਹੈ। ਇਸ ਦਸਤੇ ਦਾ ਮੁੱਖ ਨਿਸ਼ਾਨਾ ਇਸਲਾਮਿਕ ਸਟੇਟ ਦੀਆਂ ਸਥਾਨਕ ਸ਼ਖਾਵਾਂ ਹੋਣਗੀਆਂ।
ਪੜ੍ਹੋ ਇਹ ਅਹਿਮ ਖਬਰ- ਨਾਈਜੀਰੀਆ 'ਚ ਤਿੰਨ ਚੀਨੀ ਨਾਗਰਿਕ ਅਗਵਾ
ਤਾਲਿਬਾਨ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਇਸਲਾਮਿਕ ਸਟੇਟ ਨੇ ਘੱਟੋ-ਘੱਟ 5 ਵੱਡੇ ਹਮਲੇ ਕੀਤੇ ਹਨ। ਇਹਨਾਂ ਵਿਚੋਂ ਕਈ ਹਮਲੇ ਆਤਮਘਾਤੀ ਹਮਲਾਵਰਾਂ ਨੇ ਕੀਤੇ ਸਨ। ਕਰੀਮੀ ਨੇ ਦਸਤੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਸ਼ੇਸ਼ ਦਲ, ਜਿਹਨਾਂ ਵਿਚ ਸ਼ਹੀਦੀ ਚਾਹੁਣ ਵਾਲੇ ਸ਼ਾਮਲ ਹੋਣਗੇ, ਦੀ ਵਰਤੋਂ ਵਿਸ਼ੇਸ਼ ਮੁਹਿੰਮਾਂ ਲਈ ਕੀਤੀ ਜਾਵੇਗੀ। ਦੂਜੇ ਪਾਸੇ ਦੋਸਤ ਸਮਝੇ ਜਾਣ ਵਾਲੇ ਪਾਕਿਸਤਾਨ ਨਾਲ ਵੀ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੀ ਸਰਕਾਰ ਦੀ ਨਾਰਾਜ਼ਗੀ ਵੱਧਦੀ ਜਾ ਰਹੀ ਹੈ। ਡੂਰੰਡ ਲਾਈਨ 'ਤੇ ਤਾਲਿਬਾਨ ਵਾੜ ਲਗਾਉਣ ਦੇ ਖ਼ਿਲਾਫ਼ ਹੈ ਅਤੇ ਪਾਕਿਸਾਤਨ ਵਾੜ ਲਗਾਉਣ ਦਾ ਕੰਮ ਜਾਰੀ ਰੱਖੇ ਹੋਏ ਹੈ। ਤਾਲਿਬਾਨ ਨੇ ਕਈ ਇਲਾਕਿਆਂ ਵਿਚ ਪਾਕਿਸਤਾਨ ਵੱਲੋਂ ਲਗਾਈ ਵਾੜ ਉਖਾੜ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ‘ਭ੍ਰਿਸ਼ਟ ਅਤੇ ਬੇਈਮਾਨ’ ਵਿਅਕਤੀ ਦੇ ਰੂਪ ’ਚ ਇਮਰਾਨ ਦਾ ਹੋਇਆ ਪਰਦਾਫਾਸ਼ : ਨਵਾਜ਼ ਸ਼ਰੀਫ
ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਨੇ ਹਾਲ ਹੀ ਵਿਚ ਕਿਹਾ ਸੀ ਕਿ ਪਾਕਿਸਤਾਨ ਦੇ ਸੈਨਿਕਾਂ ਦਾ ਖੂਨ ਵਾੜ ਲਗਾਉਣ ਸਮੇਂ ਡੁੱਲਿਆ ਹੈ ਇਸ ਲਈ ਇਹ ਕੰਮ ਨਹੀਂ ਰੁਕੇਗਾ। ਉੱਥੇ ਤਾਲਿਬਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਨੂੰ ਵਾੜ ਨਹੀਂ ਲਗਾਉਣ ਦੇਵੇਗਾ। ਤਾਲਿਬਾਨ ਦੇ ਕਮਾਂਡਰ ਮਾਵਲਵੀ ਸਨਾਉੱਲਾ ਸੰਗੀਨ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਟੋਲੋ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਅਸੀਂ ਕਿਸੇ ਵੀ ਸਮੇਂ, ਕਿਸੇ ਵੀ ਰੂਪ ਵਿਚ ਵਾੜ ਲਗਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਪਹਿਲਾਂ ਕਰ ਲਿਆ, ਸੋ ਕਰ ਲਿਆ ਪਰ ਹੁਣ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ। ਹੁਣ ਕੋਈ ਵਾੜ ਨਹੀਂ ਲੱਗੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            