ਅਫਗਾਨਿਸਤਾਨ ''ਚ ਅੱਜ ਤੋਂ ਕੁੜੀਆਂ ਲਈ ਮੁੜ ਖੁੱਲ੍ਹੇ ਸਕੂਲ, ਵਿਦਿਆਰਥਣਾਂ ''ਚ ਉਤਸ਼ਾਹ

Wednesday, Mar 23, 2022 - 02:33 PM (IST)

ਅਫਗਾਨਿਸਤਾਨ ''ਚ ਅੱਜ ਤੋਂ ਕੁੜੀਆਂ ਲਈ ਮੁੜ ਖੁੱਲ੍ਹੇ ਸਕੂਲ, ਵਿਦਿਆਰਥਣਾਂ ''ਚ ਉਤਸ਼ਾਹ

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਸੱਤਾ 'ਤੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਹੀ ਕੁੜੀਆਂ ਦੀ ਸਿੱਖਿਆ 'ਤੇ ਲਗਾਈ ਗਈ ਪਾਬੰਦੀ ਹੁਣ ਖ਼ਤਮ ਹੋ ਰਹੀ ਹੈ। ਬੁੱਧਵਾਰ ਨੂੰ ਰਾਜਧਾਨੀ ਕਾਬੁਲ ਵਿਚ ਕਈ ਕੁੜੀਆਂ ਸਕੂਲ ਵਿਚ ਵਾਪਸ ਜਾਂਦੀਆਂ ਦਿਸੀਆਂ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਆਏ ਹੋਏ 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ  ਪਰ ਸੈਕੰਡਰੀ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਹੁਣ ਲਿਆ ਗਿਆ ਹੈ।

ਪਿਛਲੇ ਸਾਲ ਅਗਸਤ ਵਿਚ ਜਦੋਂ ਤਾਲਿਬਾਨ ਨੇ ਸੱਤਾ ਸੰਭਾਲੀ ਸੀ ਉਦੋਂ ਕੋਵਿਡ-19 ਮਹਾਮਾਰੀ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਸਨ ਪਰ ਸਿਰਫ ਮੁੰਡਿਆਂ ਅਤੇ ਕੁਝ ਘੱਟ ਉਮਰ ਦੀਆਂ ਕੁੜੀਆਂ ਨੂੰ ਹੀ ਦੋ ਮਹੀਨੇ ਬਾਅਦ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।ਅੰਤਰਰਾਸ਼ਟਰੀ ਭਾਈਚਾਰੇ ਨੇ ਸਿੱਖਿਆ ਦੇ ਅਧਿਕਾਰ ਨੂੰ ਨਵੇਂ ਸ਼ਾਸਨ ਦੀ ਸਹਾਇਤਾ ਅਤੇ ਮਾਨਤਾ 'ਤੇ ਗੱਲਬਾਤ ਵਿਚ ਇਕ ਮਹੱਤਵਪੂਰਨ ਬਿੰਦੂ ਬਣਾ ਦਿੱਤਾ ਹੈ। ਕਈ ਦੇਸ਼ਾਂ ਅਤੇ ਸੰਗਠਨਾਂ ਨੇ ਅਧਿਆਪਕਾਂ ਨੂੰ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਿੱਖਿਆ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਕਾਬੁਲ ਸਮੇਤ ਕਈ ਸੂਬਿਆਂ ਵਿਚ ਬੁੱਧਵਾਰ ਨੂੰ ਸਕੂਲ ਮੁੜ ਖੁੱਲ੍ਹਣਗੇ ਪਰ ਤਾਲਿਬਾਨ ਦੇ ਅਧਿਆਤਮਿਕ ਕੇਂਦਰ ਕੰਧਾਰ ਦੇ ਦੱਖਣੀ ਖੇਤਰ ਵਿਚ ਅਗਲੇ ਮਹੀਨੇ ਤੱਕ ਸਕੂਲ ਨਹੀਂ ਖੁੱਲ੍ਹਣਗੇ।ਹਾਲਾਂਕਿ ਇਸ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

PunjabKesari

ਬੁੱਧਵਾਰ ਸਵੇਰੇ ਸਮਾਚਾਰ ਏਜੰਸੀ ਏ.ਐੱਫ.ਪੀ. ਦੀਆਂ ਟੀਮਾਂ ਨੇ ਕੁਝ ਕੁੜੀਆਂ ਨੂੰ ਰਾਜਧਾਨੀ ਦੇ ਕਈ ਸਕੂਲਾਂ ਵਿਚ ਦਾਖਲ ਕਰਦਿਆਂ ਦੇਖਿਆ। ਏ.ਐੱਫ.ਪੀ. ਨੇ ਇਕ ਰਿਪੋਰਟ ਵਿਚ ਦੱਸਿਆ ਕਿ ਸੈਂਕੜੇ ਲੋਕ ਸਵੇਰੇ 7 ਵਜੇ ਜਰਘੋਨਾ ਹਾਈ ਸਕੂਲ ਵਿਚ ਪਹੁੰਚੇ, ਜੋ ਰਾਜਧਾਨੀ ਦੇ ਸਭ ਤੋਂ ਵੱਡੇ ਸਕੂਲਾਂ ਵਿਚੋਂ ਇਕ ਹੈ। ਰਾਜਧਾਨੀ ਦੇ ਰਾਬੀਆ ਬਾਲਖ਼ੀ ਸਕੂਲ ਵਿਚ ਵੀ ਦਰਜਨਾਂ ਕੁੜੀਆਂ ਗੇਟ ਦੇ ਬਾਹਰ ਇੰਤਜ਼ਾਰ ਕਰ ਰਹੀਆਂ ਸਨ। ਹੋਰ ਸੂਬਿਆਂ ਜਿਵੇਂ ਹੇਰਾਤ ਅਤੇ ਪੰਜਸ਼ੀਰ ਵਿਚ ਸਕੂਲ ਹਾਲੇ ਵੀ ਖੁੱਲ੍ਹਣੇ ਬਾਕੀ ਹਨ। ਮੰਤਰਾਲੇ ਨੇ ਕਿਹਾ ਕਿ ਸਕੂਲਾਂ ਨੂੰ ਮੁੜ ਖੋਲ੍ਹਣਾ ਹਮੇਸ਼ਾ ਇਕ ਸਰਕਾਰੀ ਉਦੇਸ਼ ਸੀ ਅਤੇ ਤਾਲਿਬਾਨ ਦਬਾਅ ਦੇ ਅੱਗੇ ਨਹੀਂ ਝੁੱਕ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੀਵ 'ਚ ਖ਼ਤਰੇ ਦੇ ਸਾਏ ਹੇਠ ਲੋਕਾਂ ਦੀ ਮਦਦ ਕਰ ਰਹੀਆਂ ਨੇ ਦੋ ਭਾਰਤੀ ਨਨਜ਼

ਮੰਤਰਾਲੇ ਦੇ ਬੁਲਾਰੇ ਅਜੀਜ਼ ਅਹਿਮਦ ਰਾਇਨ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਖੁਸ਼ ਕਰਨ ਲਈ ਸਕੂਲਾਂ ਨੂੰ ਮੁੜ ਤੋਂ ਨਹੀਂ ਖੋਲ੍ਹ ਰਹੇ ਹਾਂ ਅਤੇ ਨਾ ਹੀ ਦੁਨੀਆ ਤੋਂ ਪਛਾਣ ਹਾਸਲ ਕਰਨ ਲਈ ਅਜਿਹਾ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਦੇ ਤਹਿਤ ਅਜਿਹਾ ਕਰ ਰਹੇ ਹਾਂ। ਤਾਲਿਬਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਹ ਯਕੀਨੀ ਕਰਨਾ ਚਾਹੁੰਦੇ ਹਨ ਕਿ 12 ਤੋਂ 18 ਸਾਲ ਦੀਆਂ ਕੁੜੀਆਂ ਲਈ ਸਕੂਲ ਵੱਖ-ਵੱਖ ਹੋਣ ਅਤੇ ਇਸਲਾਮੀ ਸਿਧਾਂਤਾਂ ਮੁਤਾਬਕ ਕੰਮ ਕਰਨ।
 


author

Vandana

Content Editor

Related News