ਨੌਜਵਾਨ ਤਾਲਿਬਾਨੀ ਅੱਤਵਾਦੀ ਪਹਿਲੀ ਵਾਰ ਵੇਖੀਆਂ ਉੱਚੀਆਂ ਇਮਾਰਤਾਂ ਵੇਖ ਰਹਿ ਗਏ ਹੈਰਾਨ
Wednesday, Aug 18, 2021 - 04:41 PM (IST)
ਕਾਬੁਲ– ਅਫਗਾਨਿਸਤਾਨ ਦੀ ਰਾਜਧਾਨੀ ’ਤੇ ਕਬਜ਼ਾ ਕਰਨ ਵਾਲੇ ਹਜ਼ਾਰਾਂ ਨੌਜਵਾਨ ਅਫਗਾਨਿਸਤਾਨ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਵੇਖ ਕੇ ਹੈਰਾਨ ਹਨ। ਲੜਾਕਿਆਂ ’ਚੋਂ ਇਕ 22 ਸਾਲ ਦੇ ਐਜਾਨਉੱਲ੍ਹਾ ਨੇ ਅਜਿਹਾ ਨਜ਼ਾਰਾ ਪਹਿਲਾਂ ਕਦੇ ਨਹੀਂ ਵੇਖਿਆ ਸੀ। ਕਾਬੁਲ ਦੀਆਂ ਪੱਕੀਆਂ ਸੜਕਾਂ ’ਤੇ ਉੱਚੇ-ਉੱਚੇ ਅਪਾਰਟਮੈਂਟ, ਇਮਾਰਤਾਂ ’ਚ ਸ਼ੀਸ਼ਿਆਂ ਵਾਲੇ ਦਫਤਰ ਅਤੇ ਸ਼ਾਪਿੰਗ ਮਾਲ ਉਸ ਨੂੰ ਹੈਰਾਨ ਕਰ ਰਹੇ ਸਨ। ਗ੍ਰਹਿ ਮੰਤਰਾਲਾ ਦੇ ਅੰਦਰ ਸ਼ਾਨਦਾਰ ਫਰਨੀਚਰ ਬਾਰੇ ਉਸ ਨੇ ਕਿਹਾ ਕਿ ਉਹ ਅਜਿਹਾ ਸੀ ਜਿਵੇਂ ਉਸ ਨੇ ਸੁਫਨੇ ’ਚ ਵੀ ਨਹੀਂ ਸੋਚਿਆ ਸੀ। ਐਜਾਨਉੱਲ੍ਹਾ ਨੇ ਕਿਹਾ ਕਿ ਉਹ ਆਪਣੇ ਕਮਾਂਡਰ ਤੋਂ ਪੁੱਛੇਗਾ ਕਿ ਕੀ ਉਸ ਨੂੰ ਇਥੇ ਰਹਿਣ ਦੀ ਮਨਜ਼ੂਰੀ ਮਿਲੇਗੀ। ਉਸ ਨੇ ਕਿਹਾ ਕਿ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ। ਤਾਲਿਬਾਨ ਲੜਾਕੇ ਆਧੁਨਿਕਤਾ ਦੇ ਰੰਗ ’ਚ ਰੰਗੇ ਕਾਬੁਲ ਸ਼ਹਿਰ ਨੂੰ ਵੇਖ ਕੇ ਹੈਰਾਨ ਹਨ।
ਆਨਲਾਈਨ ਉਪਲੱਬਧ ਵੀਡੀਓ ’ਚ ਉਹ ਇਕ ਮਨੋਰੰਜਨ ਪਾਰਕ ’ਚ ਮਸਤੀ ਕਰਦੇ ਅਤੇ ਜਿਮ ’ਚ ਵੇਖੇ ਗਏ। ਤਾਲਿਬਾਨ ਤੇ ਕਬਜ਼ੇ ਦੇ ਬਾਵਜੂਦ ਰਾਜਧਾਨੀ ’ਚ ਰੁਕਣ ਦਾ ਫੈਸਲਾ ਕਰਨ ਵਾਲੇ ਦੇਸ਼ ਦੇ ਲੋਕਪ੍ਰਿਯ ਟੋਲੋ ਟੀ.ਵੀ. ਨੈੱਟਵਰਕ ਦੇ ਮਾਲਿਕ ਸਾਦ ਮੋਹਸੇਨੀ ਨੇ ਕਿਹਾ ਕਿ ਬਹੁਤ ਸਾਰੇ ਅਫਗਾਨ ਲੋਕਾਂ ਨੂੰ ਤਾਲਿਬਾਨ ਦੇ ਭੇਸ ’ਚ ਲੁਟੇਰਿਆਂ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਾਲਿਬਾਨ ਦਾ ਰੂਪ ਧਾਰਨ ਵਾਲੇ ਲੁਟੇਰੇ ਜ਼ਿਆਦਾ ਖਤਰਨਾਕ ਹਨ ਕਿਉਂਕਿ ਇਹ ਸਿਰਫ ਲਫੰਗੇ ਹਨ। ਅੱਜ ਦਾ ਕਾਬੁਲ ਅਤੇ ਹੋਰ ਸ਼ਹਿਰ ਅਜਿਹੇ ਨਹੀਂ ਹਨ ਜਿਵੇਂ 20 ਸਾਲ ਪਹਿਲਾਂ ਦੇ ਤਾਲਿਬਾਨ ਸਾਸ਼ਨ ’ਚ ਸਨ ਜਿਸ ਦੇ ਲੜਾਕੇ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ। ਅਫਗਾਨਿਸਤਾਨ ਦੀ ਇਕ ਪੂਰੀ ਪੀੜ੍ਹੀ ਆਧੁਨਿਕਤਾ ਅਤੇ ਪੱਛਮੀ ਵਿਕਾਸ ਦੇ ਰੰਗ ’ਚ ਰੰਗੀ ਹੋਈ ਹੈ। ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਇੰਨੇ ਸਾਲਾਂ ’ਚ ਜੋ ਹਾਸਲ ਕੀਤਾ ਹੈ ਉਹ ਤਾਲਿਬਾਨ ਦੇ ਵਾਪਸ ਆਉਣ ਤੋਂ ਬਾਅਦ ਕਿਤੇ ਫਿਰ ਤੋਂ ਖਤਮ ਨਾ ਹੋ ਜਾਵੇ।