ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ''ਚ ਮਾਰਿਆ ਗਿਆ ਤਾਲਿਬਾਨ ਦਾ ਆਤਮਘਾਤੀ ਹਮਲਾਵਰ

02/17/2023 3:08:10 PM

ਪੇਸ਼ਾਵਰ (ਭਾਸ਼ਾ)- ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਖੁਫੀਆ ਸੂਚਨਾ 'ਤੇ ਆਧਾਰਿਤ ਸੁਰੱਖਿਆ ਬਲਾਂ ਦੀ ਮੁਹਿੰਮ ਵਿਚ ਇੱਕ ਤਾਲਿਬਾਨੀ ਆਤਮਘਾਤੀ ਬੰਬ ਹਮਲਾਵਰ ਮਾਰਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.) ਨਾਲ ਸਬੰਧਤ ਆਤਮਘਾਤੀ ਹਮਲਾਵਰ ਦੀ ਮੌਜੂਦਗੀ ਬਾਰੇ ਪੁਸ਼ਟੀ ਕੀਤੀ ਖੁਫੀਆ ਸੂਚਨਾ ਤੋਂ ਬਾਅਦ ਖੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸਪਿੰਕਈ ਖੇਤਰ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਸੁਰੱਖਿਆ ਬਲਾਂ ਨੇ ਹਮਲਾਵਰ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪਹੁੰਚ ਕੇ ਸ਼ੱਕੀ ਕੰਪਲੈਕਸ ਨੂੰ ਘੇਰ ਲਿਆ। ਸੁਰੱਖਿਆ ਬਲਾਂ ਨਾਲ ਗੋਲੀਬਾਰੀ ਦੌਰਾਨ ਹਮਲਾਵਰ ਦੇ ਸਰੀਰ ਦੁਆਲੇ ਲਪੇਟੇ ਗਏ ਬੰਬ ਵਿਚ ਧਮਾਕਾ ਹੋਣ ਨਾਲ ਉਹ ਮਾਰਿਆ ਗਿਆ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹਮਲਾਵਰ ਅਫਗਾਨਿਸਤਾਨ ਦੇ ਲੋਗਰ ਸੂਬੇ ਤੋਂ ਆਇਆ ਸੀ। ਪਾਬੰਦੀਸ਼ੁਦਾ ਟੀ.ਟੀ.ਪੀ. ਨੂੰ ਪਾਕਿਸਤਾਨ ਤਾਲਿਬਾਨ ਵਜੋਂ ਜਾਣਿਆ ਜਾਂਦਾ ਹੈ।

ਟੀ.ਟੀ.ਪੀ. ਨੇ ਪਹਿਲਾਂ ਵੀ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾ ਕੇ ਕਈ ਆਤਮਘਾਤੀ ਹਮਲੇ ਕੀਤੇ ਹਨ। ਇਸ ਸਮੂਹ ਨੂੰ ਅਲਕਾਇਦਾ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਇਸ 'ਤੇ 2009 ਦੇ ਫੌਜੀ ਹੈੱਡਕੁਆਰਟਰ ਹਮਲਾ, ਫੌਜੀ ਠਿਕਾਣਿਆਂ 'ਤੇ ਹਮਲਾ ਅਤੇ ਇਸਲਾਮਾਬਾਦ ਵਿਚ 2008 ਵਿਚ ਮੈਰੀਅਟ ਹੋਟਲ 'ਤੇ ਹਮਲੇ ਸਮੇਤ ਕਈ ਹਮਲਿਆਂ ਨੂੰ ਅੰਜ਼ਾਮ ਦੇਣ ਦਾ ਦੋਸ਼ ਹੈ।
 


cherry

Content Editor

Related News