ਤਾਲਿਬਾਨ ਨੇ ਪਾਕਿਸਤਾਨ ਨੂੰ ਸਰਹੱਦ ’ਤੇ ਵਾੜ ਲਗਾਉਣ ਤੋਂ ਰੋਕਿਆ
Tuesday, Dec 28, 2021 - 04:26 PM (IST)
ਕਾਬੁਲ (ਬਿਊਰੋ)– ਤਾਲਿਬਾਨ ਤੇ ਪਾਕਿਸਤਾਨੀ ਫੌਜ ਸਰਹੱਦੀ ਵਾੜ ਲਗਾਉਣ ਨੂੰ ਲੈ ਕੇ ਆਹਮੋ-ਸਾਹਮਣੇ ਆ ਗਈਆਂ ਹਨ। ਪਾਕਿਸਤਾਨ ਨੇ ਬ੍ਰਿਟਿਸ਼ ਕਾਲ ਦੀ ਸਰਹੱਦ ਦੀ ਹੱਦਬੰਦੀ ਨੂੰ ਚੁਣੌਤੀ ਦਿੰਦਿਆਂ ਕਾਬੁਲ ਦੇ ਵਿਰੋਧ ਦੇ ਬਾਵਜੂਦ 2600 ਕਿਲੋਮੀਟਰ ਦੀ ਸਰਹੱਦ ਦੇ ਜ਼ਿਆਦਾਤਰ ਹਿੱਸੇ ’ਤੇ ਘੇਰਾਬੰਦੀ ਕਰ ਦਿੱਤੀ ਹੈ ਪਰ ਤਾਲਿਬਾਨ ਨੇ ਪਾਕਿਸਤਾਨ ਨੂੰ ਸਰਹੱਦ ’ਤੇ ਵਾੜ ਲਗਾਉਣ ਤੋਂ ਰੋਕ ਦਿੱਤਾ ਹੈ।
ਅਫਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਯਤੁੱਲਾ ਖਵਾਰਜ਼ਮੀ ਨੇ ਕਿਹਾ ਕਿ ਇਹ ਹੱਦਬੰਦੀ ਦੋਵਾਂ ਪਾਸਿਓਂ ਪਰਿਵਾਰਾਂ ਤੇ ਜਨਜਾਤੀਆਂ ਨੂੰ ਵੰਡਦੀ ਹੈ, ਇਸ ਲਈ ਤਾਲਿਬਾਨ ਬਲਾਂ ਨੇ ਪਾਕਿਸਤਾਨੀ ਫੌਜ ਨੂੰ ਐਤਵਾਰ ਨੂੰ ਪੂਰਬੀ ਸੂਬੇ ਨੰਗਰਹਾਰ ਦੇ ਨਾਲ ਇਕ ‘ਗੈਰ-ਕਾਨੂੰਨੀ’ ਸਰਹੱਦੀ ਵਾੜ ਲਗਾਉਣ ਤੋਂ ਰੋਕ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਇਸ ਨੌਜਵਾਨ ਨੇ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਦੀ ਦਿੱਤੀ ਸੀ ਧਮਕੀ
ਉਨ੍ਹਾਂ ਇਹ ਕਹਿੰਦਿਆਂ ਘਟਨਾ ਨੂੰ ਤਵੱਜੋ ਨਹੀਂ ਦਿੱਤੀ ਕਿ ਹੁਣ ਸਭ ਕੁਝ ਸਾਧਾਰਨ ਹੈ। ਉਧਰ ਪਾਕਿਸਤਾਨੀ ਫੌਜ ਨੇ ਟਿੱਪਣੀ ’ਤੇ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਜਾਰੀ ਇਕ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਤਾਲਿਬਾਨ ਫੌਜੀਆਂ ਨੇ ਕੰਡਿਆਲੀਆਂ ਤਾਰਾਂ ਦੇ ਰੋਲ ਜ਼ਬਤ ਕੀਤੇ ਹਨ ਤੇ ਇਕ ਸੀਨੀਅਰ ਅਧਿਕਾਰੀ ਨੇ ਸੁਰੱਖਿਆ ਚੌਕੀਆਂ ’ਤੇ ਤਾਇਨਾਤ ਪਾਕਿਸਤਾਨੀ ਫੌਜੀਆਂ ਨੂੰ ਸਰਹੱਦ ’ਤੇ ਮੁੜ ਤੋਂ ਵਾੜ ਲਗਾਉਣ ਦੀ ਕੋਸ਼ਿਸ਼ ਨਾ ਕਰਨ ਨੂੰ ਕਿਹਾ ਹੈ। ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ। ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
ਤਾਲਿਬਾਨ ਤੇ ਪਾਕਿਸਤਾਨੀ ਫੌਜ ਸਰਹੱਦ ਦੀ ਘਟਨਾ ਨੂੰ ਲੈ ਕੇ ਆਹਮੋ-ਸਾਹਮਣੇ ਆ ਗਈਆਂ। ਤਾਲਿਬਾਨ ਦੇ ਦੋ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਸਥਿਤੀ ਤਣਾਅਪੂਰਨ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨੀ ਖੇਤਰ ਤੋਂ ਸਰਹੱਦ ਪਾਰ ਮੋਰਟਾਰ ਦਾਗੇ ਗਏ, ਜੋ ਸਰਹੱਦ ਨਾਲ ਲੱਗੇ ਅਫਗਾਨਿਸਤਾਨ ਦੇ ਕੁਨਾਰ ਸੂਬੇ ’ਚ ਸਨ। ਅਧਿਕਾਰੀਆਂ ਨੇ ਕਿਹਾ ਕਿ ਅਫਗਾਨ ਫੌਜ ਦੇ ਹੈਲੀਕਾਪਟਰਾਂ ਨੂੰ ਇਲਾਕੇ ’ਚ ਗਸ਼ਤ ਕਰਦੇ ਦੇਖਿਆ ਜਾ ਸਕਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।