ਕਾਬੁਲ ਹਵਾਈ ਅੱਡੇ ਦੇ ਸੰਚਾਲਨ ਲਈ ਤਾਲਿਬਾਨ ਨੇ ਤੁਰਕੀ ਤੋਂ ਮੰਗੀ ਮਦਦ ਪਰ ਰੱਖੀ ਇਹ ਸ਼ਰਤ
Thursday, Aug 26, 2021 - 03:51 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਸੱਤਾ 'ਤੇ ਕਾਬਿਜ਼ ਹੋਣ ਮਗਰੋਂ ਤਾਲਿਬਾਨ ਨੇ ਰੂਸ ਦੇ ਰਾਸ਼ਟਰਪਤੀ ਰੇਸੇਪ ਤਈਅਪ ਅਰਦੌਣ ਦੀ ਇੱਛਾ ਪੂਰੀ ਕਰ ਦਿੱਤੀ ਹੈ ਪਰ ਇਕ ਸ਼ਰਤ ਦੇ ਨਾਲ। ਅਰਦੌਣ ਦੀ ਇੱਛਾ ਕਾਬੁਲ ਹਵਾਈ ਅੱਡੇ ਨੂੰ ਸੰਭਾਲਣ ਦੀ ਸੀ। ਹੁਣ ਤਾਲਿਬਾਨ ਨੇ ਖੁਦ ਉਹਨਾਂ ਨੂੰ ਇਹ ਆਫਰ ਦਿੱਤਾ ਹੈ। ਤਾਲਿਬਾਨ ਨੇ ਅਮਰੀਕੀ ਸੈਨਿਕਾਂ ਦੇ ਜਾਣ ਮਗਰੋਂ ਕਾਬੁਲ ਹਵਾਈ ਅੱਡੇ ਨੂੰ ਚਲਾਉਣ ਲਈ ਤੁਰਕੀ ਤੋਂ ਤਕਨੀਕੀ ਮਦਦ ਮੰਗੀ ਹੈ ਭਾਵੇਂਕਿ ਉਸ ਨੇ ਇਹ ਵੀ ਕਿਹਾ ਹੈ ਕਿ ਕੁਝ ਹੀ ਸਮੇਂ ਵਿਚ ਤੁਰਕੀ ਦੀ ਸੈਨਾ ਨੂੰ ਵੀ ਅਫਗਨਿਸਤਾਨ ਛੱਡਣਾ ਹੋਵੇਗਾ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਅਰਦੌਣ ਕਾਬੁਲ ਇੰਟਰਨੈਸ਼ਨਲ ਹਵਾਈ ਅੱਡੇ ਨੂੰ ਆਪਰੇਟ ਕਰਨ ਲਈ ਲੰਬੇ ਸਮੇਂ ਤੋਂ ਤਾਲਿਬਾਨ ਨੂੰ ਮਨਾ ਰਹੇ ਸਨ ਪਰ ਤਾਲਿਬਾਨ ਨੇ ਹਰ ਵਾਰ ਤੁਰਕੀ ਦੀ ਇਸ ਅਪੀਲ ਨੂੰ ਖਾਰਿਜ਼ ਕਰਦਿਆਂ ਸਖ਼ਤ ਚਿਤਾਵਨੀ ਦਿੱਤੀ ਸੀ। ਹੁਣ ਤਾਲਿਬਾਨ ਨੇ ਖੁਦ ਕਿਹਾ ਹੈ ਕਿ ਉਹ ਕਾਬੁਲ ਏਅਰਬੇਸ ਨੂੰ ਆਪਰੇਟ ਕਰਨ ਲਈ ਤੁਰਕੀ ਤੋਂ ਤਕਨੀਕੀ ਮਦਦ ਲਵੇਗਾ ਪਰ ਉਸ ਦੀ ਸੈਨਾ ਨੂੰ 31 ਅਗਸਤ ਤੱਕ ਵਾਪਸ ਜਾਣਾ ਹੋਵੇਗਾ। ਇੱਥੇ ਦੱਸ ਦਈਏ ਕਿ ਤੁਰਕੀ ਦੇ ਇਸ ਸਮੇਂ ਕਰੀਬ 200 ਸੈਨਿਕ ਕਾਬੁਲ ਹਵਾਈ ਅੱਡੇ 'ਤੇ ਤਾਇਨਾਤ ਹਨ।
ਪੜ੍ਹੋ ਇਹ ਅਹਿਮ ਖਬਰ -ਬਰਮਿੰਘਮ ਦੇ ਇਤਿਹਾਸਕ ਹੋਟਲ 'ਚ ਦਿੱਤੀ ਜਾ ਸਕਦੀ ਹੈ ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ
ਸਮਾਚਾਰ ਏਜੰਸੀ ਰਾਇਟਰਜ਼ ਨੇ ਤੁਰਕੀ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਸਲਾਮਿਕ ਤਾਲਿਬਾਨ ਦਾ ਸ਼ਰਤ ਸਮੇਤ ਅਪੀਲ 'ਤੇ ਫੈਸਲਾ ਲੈਣਾ ਅੰਕਾਰਾ ਲਈ ਮੁਸ਼ਕਲ ਹੋਵੇਗਾ। ਮੁਸਲਿਮ ਰਾਸ਼ਟਰ ਤੁਰਕੀ ਅਫਗਾਨਿਸਤਾਨ ਵਿਚ ਨਾਟੋ ਮਿਸ਼ਨ ਦਾ ਹਿੱਸਾ ਸੀ। ਤੁਰਕੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਸ਼ੌਰਟ ਨੋਟਿਸ 'ਤੇ ਆਪਣੇ ਸੈਨਿਕ ਵਾਪਸ ਲੈਣ ਲਈ ਤਿਆਰ ਹੈ। ਹਾਲੇ ਇਹ ਸਾਫ ਨਹੀਂ ਹੋਇਆ ਹੈ ਕਿ ਆਪਣੇ ਸੈਨਿਕਾਂ ਦੀ ਗੈਰ ਮੌਜੂਦਗੀ ਵਿਚ ਤੁਰਕੀ ਤਾਲਿਬਾਨ ਨੂੰ ਤਕਨੀਕੀ ਸਹਾਇਤਾ ਦੇਣ ਲਈ ਤਿਆਰ ਹੋਵੇਗਾ ਜਾਂ ਨਹੀਂ। ਤੁਰਕੀ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਆਖਰੀ ਫ਼ੈਸਲਾ 31 ਅਗਸਤ ਦੀ ਸਮੇਂ ਸੀਮਾ ਤੱਕ ਕੀਤਾ ਜਾਵੇਗਾ। ਇਸ ਦਿਨ 20 ਸਾਲ ਤੱਕ ਅਫਗਾਨਿਸਤਾਨ ਵਿਚ ਚੱਲਿਆ ਨਾਟੋ ਦਾ ਮਿਸ਼ਨ ਅਧਿਕਾਰਤ ਤੌਰ 'ਤੇ ਖ਼ਤਮ ਹੋ ਜਾਵੇਗਾ।