ਤਾਲਿਬਾਨ ਰਾਜ ’ਚ ਅਲ-ਕਾਇਦਾ ਚੁੱਕੇਗਾ ਸਿਰ, ਵਿਦੇਸ਼ਾਂ ’ਚ ਵਧੇਗੀ ਅੱਤਵਾਦੀਆਂ ਦੀ ਘੁਸਪੈਠ
Tuesday, Aug 24, 2021 - 06:02 PM (IST)
ਵਾਸ਼ਿੰਗਟਨ– ਅਫਗਾਨਿਸਤਾਨ ’ਚ ਬਹੁਤ ਤੇਜ਼ੀ ਨਾਲ ਬਦਲਦੀ ਸਥਿਤੀ ਦੇ ਮੱਦੇਨਜ਼ਰ ਅਮਰੀਕਾ ’ਚ ਬਾਈਡੇਨ ਪ੍ਰਸ਼ਾਸਨ ਅਲ-ਕਾਇਦਾ ਦੇ ਫਿਰ ਤੋਂ ਸਿਰ ਚੁੱਕਣ ਦੀ ਸ਼ੰਕਾ ਨਾਲ ਨਜਿੱਠਣ ਲਈ ਯੋਜਨਾ ਬਣਾ ਰਿਹਾ ਹੈ। ਇਹ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਆਪਣੇ ਦੇਸ਼ ’ਚ ਹਿੰਸਕ ਅੱਤਵਾਦ ਅਤੇ ਰੂਸ ਤੇ ਚੀਨ ਵਲੋਂ ਕੀਤੇ ਜਾਣ ਵਾਲੇ ਸਾਈਬਰ ਹਮਲਿਆਂ ਨਾਲ ਨਜਿੱਠਣ ਦੀ ਜੱਦੋ-ਜਹਿਦ ਕਰ ਰਿਹਾ ਹੈ। ਅਲ-ਕਾਇਦਾ ਓਹੀ ਸਮੂਹ ਹੈ ਜਿਸ ਨੇ 11 ਸਤੰਬਰ 2001 ’ਚ ਅਮਰੀਕਾ ’ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਅਮਰੀਕਾ ਦੀਆਂ ਤਿੰਨ ਨਾਟੋ ਫੋਰਸਾਂ ਨੇ ਉਸ ਦਾ ਸਫਾਇਆ ਕਰਨ ਲਈ ਅਫਗਾਨਿਸਤਾਨ ਜੰਗ ਦੀ ਸ਼ੁਰੂਆਤ ਕੀਤੀ ਸੀ। ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਅਤੇ ਤਾਲਿਬਾਨ ਦੇ ਉਭਰਨ ’ਤੇ ਟਰੰਪ ਪ੍ਰਸ਼ਾਸਨ ’ਚ ਅੱਤਵਾਦੀ ਰੋਕੂ ਮਹਿਕਮੇ ’ਚ ਸੀਨੀਅਰ ਨਿਰਦੇਸ਼ਕ ਰਹੇ ਕ੍ਰਿਸ ਕੋਸਟਾ ਨੇ ਕਿਹਾ ਕਿ ਮੇਰੇ ਖਿਆਲ ’ਚ ਅਲ-ਕਾਇਦਾ ਕੋਲ ਮੌਕਾ ਹੈ ਅਤੇ ਉਹ ਉਸ ਮੌਕਾ ਦਾ ਫਾਇਦਾ ਚੁੱਕੇਗਾ। ਉਨ੍ਹਾਂ ਕਿਹਾ ਕਿ ਇਹ (ਅਫਗਾਨਿਸਤਾਨ ’ਚ ਜੋ ਹੋਇਆ) ਹਰ ਥਾਂ ਦੇ ਜਿਹਾਦੀਆਂ ਨੂੰ ਪ੍ਰੇਰਿਤ ਕਰਨ ਵਾਲਾ ਘਟਨਾਕ੍ਰਮ ਹੈ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ’ਚ ਚੱਲੀ 20 ਸਾਲ ਲੰਬੀ ਜੰਗ ’ਚ ਅਲ-ਕਾਇਦਾ ਕਾਫੀ ਹੱਦ ਤਕ ਖਤਮ ਹੋ ਗਿਆ ਹੈ ਅਤੇ ਅਜੇ ਇਹ ਸਪਸ਼ਟ ਨਹੀਂ ਹੈ ਕਿ ਸਮੂਹ ਕੋਲ ਅਮਰੀਕਾ ’ਤੇ 2001 ਵਰਗਾ ਹਮਲਾ ਫਿਰ ਤੋਂ ਕਰਨ ਦੀ ਸਮਰੱਥਾ ਹੈ ਜਾਂ ਨਹੀਂ। ਹਾਲਾਂਕਿ, ਅਮਰੀਕਾ ਨੇ 20 ਸਾਲ ’ਚ ਨਿਗਰਾਨੀ ਵਧਾਈ ਹੈ ਅਤੇ ਹੋਰ ਸੁਰੱਖਿਆਤਮਕ ਉਪਾਅ ਕੀਤੇ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਜੂਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਸਮੂਹ ਦੀ ਅਗਵਾਈ ਕਰਨ ਵਾਲੇ ਆਗੂ ਅਜੇ ਵੀ ਅਫਗਾਨਿਸਤਾਨ ’ਚ ਹਨ ਅਤੇ ਉਨ੍ਹਾਂ ਦੇ ਨਾਲ ਸੈਂਕੜੇ ਹਥਿਆਰਬੰਦ ਕਰਿੰਦੇ ਹਨ। ਅਮਰੀਕੀ ਰੱਖਿਆ ਦਫਤਰ ਪੇਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਸ਼ੁੱਕਰਵਾਰ ਕਿਹਾ ਕਿ ਅਲ-ਕਾਇਦਾ ਅਫਗਾਨਿਸਤਾਨ ’ਚ ਮੌਜੂਦ ਹੈ ਪਰ ਉਸ ਦੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਦੇਸ਼ ’ਚ ਖੂਫੀਆ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਘਟੀ ਹੈ। ਅਫਗਾਨਿਸਤਾਨ ’ਚ ਇਸਲਾਮਿਕ ਸਟੇਟ ਨੇ ਅਮਰੀਕੀਆਂ ’ਤੇ ਹਮਲੇ ਕੀਤੇ ਹਨ।