ਤਾਲਿਬਾਨ ਬਣਾਵੇਗਾ ਖ਼ੁਦ ਦੀ ਹਵਾਈ ਸੈਨਾ, ਪਾਇਲਟਾਂ ਲਈ ਕੀਤਾ ਇਹ ਐਲਾਨ
Monday, Nov 08, 2021 - 11:09 AM (IST)
ਕਾਬੁਲ (ਏ.ਐੱਨ.ਆਈ.): ਇਸਲਾਮਿਕ ਸਟੇਟ ਦੇ ਆਤੰਕ ਤੋਂ ਤੰਗ ਤਾਲਿਬਾਨ ਹੁਣ ਆਪਣੀ ਹਵਾਈ ਸੈਨਾ ਬਣਾਏਗਾ। ਕਾਬੁਲ ਦੀ ਸੱਤਾ 'ਤੇ ਕਾਬਿਜ਼ ਹੋਣ ਦੇ ਤਕਰੀਬਨ ਦੋ ਮਹੀਨੇ ਬਾਅਦ ਤਾਲਿਬਾਨ ਨੇ ਆਪਣੀ ਖੁਦ ਦੀ ਹਵਾਈ ਸੈਨਾ ਨੂੰ ਮਜ਼ਬੂਤ ਕਰਨਾ ਦਾ ਇਰਾਦਾ ਜ਼ਾਹਰ ਕੀਤਾ ਹੈ। ਕੇਨਿਊਜ਼ ਨੇ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕਾਬੁਲ ਦੇ ਮੁੱਖ ਫ਼ੌਜੀ ਹਸਪਤਾਲ ਸਰਦਾਰ ਦਾਊਦ ਖਾਨ 'ਤੇ ਮੰਗਲਵਾਰ ਨੂੰ ਸ਼ੱਕੀ ਆਈ.ਐੱਸ.ਆਈ.ਐੱਸ.-ਕੇ. ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 23 ਲੋਕਾਂ ਦੇ ਮਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਤਾਲਿਬਾਨ ਨੇ ਹਸਪਤਾਲ ਦੀ ਛੱਤ 'ਤੇ ਅਮਰੀਕੀ ਬਲੈਕ ਹਾਕ ਸਮੇਤ ਤਿੰਨ ਤਾਲਿਬਾਨ ਹੈਲੀਕਾਪਟਰ ਤਾਇਨਾਤ ਕਰ ਦਿੱਤੇ।
ਇਸ ਹਮਲੇ ਤੋਂ ਬਾਅਦ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਕਾਰੀ ਸਈਦ ਖੋਸਤੀ ਨੇ ਕੇਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿਛਲੀ ਸਰਕਾਰ ਦੀ ਹਵਾਈ ਸੈਨਾ ਅਤੇ ਉਨ੍ਹਾਂ ਕੋਲ ਮੌਜੂਦ ਪੇਸ਼ੇਵਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਹ ਸਾਰੇ ਵਾਪਸ ਆਉਣ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਾਰਿਆਂ ਲਈ ਚੰਗੀ ਨੀਤੀ ਹੈ। ਉੱਥੇ, ਕੇਨਿਊਜ਼ ਮੁਤਾਬਕ, ਕਾਬੁਲ ਵਿੱਚ ਤਾਲਿਬਾਨ ਦੇ ਇੱਕ ਉੱਚ-ਦਰਜੇ ਦੇ ਖੁਫੀਆ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਹਵਾਈ ਸੈਨਾ ਦਾ ਹੋਣਾ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਬੱਚਿਆਂ ਦੇ ਹਾਲਾਤ 'ਤੇ UNICEF ਚਿੰਤਤ, ਛੇ ਮਹੀਨਿਆਂ 'ਚ 460 ਬੱਚਿਆਂ ਦੀ ਮੌਤ
ਕੇਨਿਊਜ਼ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਸਨ ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਜਲਦੀ ਹੀ ਇਕ ਪੂਰੀ ਤਰ੍ਹਾਂ ਦੀ ਹਵਾਈ ਸੈਨਾ ਬਣਾਈ ਜਾਵੇਗੀ। ਇਸ ਦੇ ਨਾਲ ਹੀ ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ, ਅਸੀਂ ਹਵਾਈ ਸੈਨਾ ਬਣਾ ਰਹੇ ਹਾਂ। ਉਡਾਣਾਂ ਦੀ ਸਹੂਲਤ ਦੇਣ ਵਾਲੇ ਪਾਇਲਟਾਂ ਲਈ ਆਮ ਮੁਆਫੀ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਅਸੀਂ ਉਨ੍ਹਾਂ ਨੂੰ ਵਾਪਸ ਆਉਣ ਅਤੇ ਫ਼ੌਜ ਵਿੱਚ ਦੁਬਾਰਾ ਭਰਤੀ ਹੋਣ ਅਤੇ ਆਪਣੇ ਦੇਸ਼ ਦੀ ਮਦਦ ਕਰਨ ਲਈ ਕਿਹਾ ਹੈ।ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖਵਾਰਿਜ਼ਮੀ ਨੇ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਨੂੰ ਮਾਮੂਲੀ ਮੁਰੰਮਤ ਦੀ ਲੋੜ ਸੀ, ਉਨ੍ਹਾਂ ਨੂੰ ਠੀਕ ਕਰ ਲਿਆ ਗਿਆ ਹੈ। ਕੇਨਿਊਜ਼ ਮੁਤਾਬਕ, ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਤਾਲਿਬਾਨ ਨੇ ਅਫ਼ਗਾਨ ਹਵਾਈ ਸੈਨਾ ਤੋਂ ਕਿੰਨੇ ਸਾਜ਼ੋ-ਸਾਮਾਨ ਨੂੰ ਜ਼ਬਤ ਕੀਤਾ ਹੈ।
ਨੋਟ- ਤਾਲਿਬਾਨ ਆਪਣੀ ਸ਼ਕਤੀ ਵਿਚ ਲਗਾਤਾਰ ਕਰ ਰਿਹੈ ਵਾਧਾ, ਇਸ 'ਤੇ ਆਪਣੀ ਰਾਏ ਦਿਓ।