ਤਾਲਿਬਾਨ ਨੇ ਗੱਲਬਾਤ ਤੋਂ ਪਹਿਲਾਂ ਅਫਗਾਨ ਸਰਕਾਰ ਸਾਹਮਣੇ ਰੱਖਿਆ ਇਹ ''ਪ੍ਰਸਤਾਵ''

Thursday, Jul 15, 2021 - 05:47 PM (IST)

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦਾ ਵਿਭਿੰਨ ਇਲਾਕਿਆਂ 'ਤੇ ਕਬਜ਼ਾ ਕਰਨ ਦਾ ਸਿਲਸਿਲਾ ਜਾਰੀ ਹੈ।ਇਸ ਦੌਰਾਨ ਸਰਕਾਰ ਦੇ ਇਕ ਵਾਰਤਾਕਾਰ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਨੇ 7000 ਬਾਗੀ ਕੈਦੀਆਂ ਦੀ ਰਿਹਾਈ ਦੇ ਬਦਲੇ ਤਿੰਨ ਮਹੀਨੇ ਦੀ ਜੰਗਬੰਦੀ ਦੀ ਪੇਸ਼ਕਸ਼ ਕੀਤੀ ਹੈ। ਅਫਗਾਨ ਸਰਕਾਰ ਦੇ ਵਾਰਤਾਕਾਰ ਨਾਦਰ ਨਾਦਰੀ ਨੇ ਕਿਹਾ ਕਿ ਇਹ ਇਕ ਵੱਡੀ ਮੰਗ ਹੈ।ਬਾਗੀਆਂ ਨੇ ਤਾਲਿਬਾਨ ਦੇ ਨੇਤਾਵਾਂ ਨੂੰ ਸੰਯੁਕਤ ਰਾਸ਼ਟਰ ਦੀ ਬਲੈਕਲਿਸਟ ਵਿਚੋਂ ਹਟਾਉਣ ਦੀ ਵੀ ਮੰਗ ਕੀਤੀ ਹੈ। 

ਤਾਲਿਬਾਨ ਦੀ ਇਹ ਮੰਗ ਉਦੋਂ ਸਾਹਮਣੇ ਆਈ ਹੈ ਜਦੋਂ ਅਫਗਾਨ ਨੇਤਾ ਦੋਹਾ ਵਾਰਤਾ ਦੇ ਏਜੰਡੇ 'ਤੇ ਚਰਚਾ ਲਈ ਤਿਆਰ ਹਨ। ਟੋਲੋ ਨਿਊਜ਼ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਵੀਰਵਾਰ ਨੂੰ ਅਫਗਾਨਿਸਤਾਨ ਦੇ ਰਾਜਨੀਤਕ ਨੇਤਾਵਾਂ ਦੀ ਇਕ ਮਹੱਤਵਪੂਰਨ ਬੈਠਕ ਦੀ ਪ੍ਰਧਾਨਗੀ ਕਰਨ ਵਾਲੇ ਹਨ। ਇਸ ਵਿਚ ਤਾਲਿਬਾਨ ਨਾਲ ਗੱਲਬਾਤ ਦੀ ਰੂਪਰੇਖਾ 'ਤੇ ਚਰਚਾ ਕੀਤੀ ਜਾਵੇਗੀ। ਅਫਗਾਨ ਸਿਆਸਤਦਾਨਾਂ ਦੀ 11 ਮੈਂਬਰੀ ਟੀਮ ਸ਼ਾਂਤੀ ਪ੍ਰਕਿਰਿਆ ਨੂੰ ਲੈਕੇ ਤਾਲਿਬਾਨ ਨਾਲ ਗੱਲਬਾਤ ਲਈ ਇਸ ਹਫ਼ਤੇ ਦੇ ਅਖੀਰ ਤੱਕ ਦੋਹਾ ਦਾ ਦੌਰਾ ਕਰੇਗੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨਾਲ ਲੱਗਦੀ ਚੌਂਕੀ 'ਤੇ ਕਬਜ਼ਾ ਕਰ ਤਾਲਿਬਾਨ ਦੀ ਖੁੱਲ੍ਹੀ ਕਿਸਮਤ, ਹੱਥ ਲੱਗੇ 3 ਅਰਬ ਰੁਪਏ

ਵੀਰਵਾਰ ਦੀ ਬੈਠਕ ਵਿਚ ਦੋਹਾ ਵਾਰਤਾ ਦੇ ਏਜੰਡੇ ਅਤੇ ਯਾਤਰਾ ਦੀ ਸਮੇਂ ਸੀਮਾ ਨੂੰ ਲੈਕੇ ਚਰਚਾ ਹੋਣੀ ਹੈ। 11 ਮੈਂਬਰੀ ਟੀਮ ਦੇ ਮੈਂਬਰ ਮੁਹੰਮਦ ਕਰੀਮ ਖਲੀਲੀ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਤਾਲਿਬਾਨ ਨਾਲ ਗੱਲਬਾਤ ਦੇ ਮੁੱਖ ਏਜੰਡੇ ਵਿਚ ਜੰਗਬੰਦੀ ਹੋਵਗੀ। ਗੱਲਬਾਤ ਦੇ ਏਜੰਡੇ ਬਾਰੇ ਸ਼ੁੱਕਰਵਾਰ ਨੂੰ ਤਸਵੀਰ ਸਾਫ ਹੋਵੇਗੀ। ਖਲੀਲੀ ਨੇ ਕਿਹਾ ਕਿ ਅਸੀਂ ਸਾਰੇ ਯੁੱਧ ਵਿਚ ਲੱਗੇ ਪੱਖਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੰਗ ਤੋਂ ਉਤਸ਼ਾਹਿਤ ਹੋਣ ਦੀ ਲੋੜ ਨਹੀਂ ਹੈ। ਜੇਕਰ ਇਹ ਸਥਿਤੀ ਬਣੀ ਰਹੀ ਤਾਂ ਅਸੀਂ ਅਫਗਾਨਿਸਤਾਨ ਨੂੰ ਹੋਰ ਨਾਜ਼ੁਕ ਸਥਿਤੀ ਵਿਚ ਪਾ ਦੇਵਾਂਗੇ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਦਾ ਵੱਡਾ ਬਿਆਨ, ਤਾਲਿਬਾਨ ਨਾਲ ਜੰਗ 'ਚ ਲੈਣਗੇ ਭਾਰਤ ਦੀ ਮਦਦ

ਉੱਥੇ ਤਾਲਿਬਾਨ ਨੇ ਕਿਹਾ ਹੈ ਕਿ ਸਮੂਹ ਦੇ ਪ੍ਰਮੁੱਖ ਵਾਰਤਾਕਾਰ ਮੁੱਲਾ ਅਬਦੁੱਲ ਗਨੀ ਬਰਾਦਰ ਅਫਗਾਨ ਰਾਜਨੀਤਕ ਨੇਤਾਵਾਂ ਨਾਲ ਵਾਰਤਾ ਵਿਚ ਤਾਲਿਬਾਨ ਵਫਦ ਦੀ ਅਗਵਾਈ ਕਰਨਗੇ। ਗੁਲਬੁਦੀਨ ਹਿਕਮਤਯਾਰ ਦੀ ਅਗਵਾਈ ਵਾਲੇ ਹਿਜਬ-ਏ-ਇਸਲਾਮੀ ਨੇ ਕਿਹਾ ਕਿ ਬੈਠਕ ਵਿਚ ਹਿਕਮਤਯਾਰ ਵੀ ਸ਼ਾਮਲ ਹੋਣਗੇ।ਇਸ ਦੌਰਾਨ ਪਾਕਿਸਤਾਨ ਵੱਲੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਅਫਗਾਨਿਸਤਾਨ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।ਨਿਊਜ਼ ਏਜੰਸੀ ਏ.ਐੱਫ.ਪੀ. ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਸਰਹਦ 'ਤੇ ਜੁਟੀ ਭੀੜ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਗਏ। ਜਾਣਕਾਰੀ ਮੁਤਾਬਕ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਕਰੀਬ 1500 ਲੋਕ ਇਕੱਠੇ ਹੋਏ ਸਨ।


Vandana

Content Editor

Related News