ਤਾਲਿਬਾਨ ਨੇ ਪਾਕਿਸਤਾਨ ਦੇ ਝੂਠ ਤੋਂ ਪਰਦਾ ਚੁੱਕਿਆ, ਕਿਹਾ-PAK ਨੇ ਹੀ ਮਸੂਦ ਅਜ਼ਹਰ ਨੂੰ ਲੁਕੋਇਆ

09/15/2022 9:57:55 PM

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ਦੇ ਸ਼ਾਸਕ ਤਾਲਿਬਾਨ ਨੇ ਪਾਕਿਸਤਾਨ ਦੇ ਵੱਡੇ ਝੂਠ ਦਾ ਪਰਦਾਫਾਸ਼ ਕਰਦੇ ਹੋਏ ਦੁਨੀਆ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਅਫ਼ਗਾਨਿਸਤਾਨ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਅਫ਼ਗਾਨਿਸਤਾਨ ’ਚ ਨਹੀਂ ਸਗੋਂ ਉਹ ਪਾਕਿਸਤਾਨ ’ਚ ਹੀ ਲੁਕਿਆ ਹੋਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੋਸ਼ ਲਾਇਆ ਸੀ ਕਿ ਮਸੂਦ ਅਜ਼ਹਰ ਅਫ਼ਗਾਨਿਸਤਾਨ ਦੇ ਨੰਗਰਹਾਰ ਅਤੇ ਕਨਹਰ ਖੇਤਰਾਂ ’ਚ ਲੁਕਿਆ ਹੋਇਆ ਹੈ। ਇਸ ਬਿਆਨ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਤਾਲਿਬਾਨ ਨੇ ਕਿਹਾ ਕਿ ਮਸੂਦ ਅਜ਼ਹਰ ਨੂੰ ਪਾਕਿਸਤਾਨ ਨੇ ਹੀ ਪਨਾਹ ਦਿੱਤੀ ਹੈ ਅਤੇ ਉਸ ਨੂੰ ਲੁਕੋ ਕੇ ਰੱਖਿਆ ਹੋਇਆ ਹੈ।

ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਹਾਲ ਹੀ ’ਚ ਮਸੂਦ ਅਜ਼ਹਰ ਦੀ ਗ੍ਰਿਫ਼ਤਾਰੀ ਲਈ ਅਫ਼ਗਾਨਿਸਤਾਨ ਨੂੰ ਇਕ ਪੱਤਰ ਵੀ ਲਿਖਿਆ ਸੀ ਪਰ ਹੁਣ ਤਾਲਿਬਾਨ ਦੇ ਰੁਖ਼ ਤੋਂ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਝੂਠ ਬੋਲਿਆ ਜਾ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਜੈਸ਼-ਏ-ਮੁਹੰਮਦ (JeM) ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਅਫ਼ਗਾਨਿਸਤਾਨ ’ਚ ਨਹੀਂ ਹੈ। ਮੁਜਾਹਿਦ ਨੇ ਕਿਹਾ ਹੈ ਕਿ ਮਸੂਦ ਅਸਲ ’ਚ ਪਾਕਿਸਤਾਨ ’ਚ ਹੀ ਹੈ। ਇਹ ਇਕ ਅਜਿਹਾ ਸੰਗਠਨ ਹੈ, ਜੋ ਸਿਰਫ਼ ਪਾਕਿਸਤਾਨ ’ਚ ਹੀ ਹੋ ਸਕਦਾ ਹੈ। ਉਂਝ ਵੀ ਇਸ ਦੇ ਬਾਰੇ ’ਚ ਸਾਨੂੰ ਇਸ ਸਬੰਧੀ ਕੋਈ ਪੱਤਰ ਨਹੀਂ ਮਿਲਿਆ ਹੈ।

ਦਰਅਸਲ, ਇੰਟਰਨੈਸ਼ਨਲ ਮਾਨੀਟਰਿੰਗ ਆਰਗੇਨਾਈਜ਼ੇਸ਼ਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਦੀ ਸੂਚੀ ’ਚ ਸ਼ਾਮਲ ਕੁਝ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਮਸੂਦ ਅਜ਼ਹਰ ਦੇ ਅਫ਼ਗਾਨਿਸਤਾਨ ’ਚ ਹੋਣ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਹੈ। ਇਸੇ ਅੱਤਵਾਦੀ ਸੰਗਠਨ ਨੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਮਸੂਦ ਅਜ਼ਹਰ ’ਤੇ ਪਠਾਨਕੋਟ ’ਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦਾ ਦੋਸ਼ ਲੱਗਾ ਸੀ।


Manoj

Content Editor

Related News