ਤਾਲਿਬਾਨ ਨੇ ਪੰਜਸ਼ੀਰ ’ਚ ਸ਼ੁਰੂ ਕੀਤਾ ਭਾਈਚਾਰਿਆਂ ਦਾ ਚੁਣ-ਚੁਣ ਕੇ ਸਫਾਇਆ
Saturday, Sep 11, 2021 - 11:19 AM (IST)
ਕਾਬੁਲ - ਪ੍ਰਤੀਰੋਧੀ ਮੋਰਚੇ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਲੜਾਕਿਆਂ ਨੇ ਪੰਜਸ਼ੀਰ ਘਾਟੀ ਤੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਵਿਰੋਧ ’ਚ ਖੜ੍ਹੇ ਅਫਗਾਨ ਭਈਚਾਰਿਆਂ ਦਾ ਚੁਣ-ਚੁਣ ਕੇ ਸਫਾਇਆ ਕਰ ਰਿਹਾ ਹੈ। ਪ੍ਰਤੀਰੋਧੀ ਮੋਰਚੇ ਦੇ ਬੁਲਾਰੇ ਅਲੀ ਨਾਜ਼ਾਰੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਤਾਲਿਬਾਨ ਨੇ ਪੰਜਸ਼ੀਰ ਤੋਂ ਹਜ਼ਾਰਾਂ ਲੋਕਾਂ ਨੂੰ ਖਦੇੜ ਦਿੱਤਾ ਹੈ। ਉਹ ਲੋਕ ਖਾਸ ਭਾਈਚਾਰੇ ਦੇ ਲੋਕਾਂ ਨੂੰ ਖਤਮ ਕਰ ਰਹੇ ਹਨ ਅਤੇ ਦੁਨੀਆ ਮੂਕ ਦਰਸ਼ਕ ਬਣ ਕੇ ਪੂਰੀ ਘਟਨਾ ਨੂੰ ਵੇਖ ਰਹੀ ਹੈ।
ਅਲੀ ਨਾਜ਼ਾਰੀ ਨੇ ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ’ਚ ਤਾਲਿਬਾਨ ਦੇ ਅਪਰਾਧਾਂ ਨੂੰ ਰੋਕਣ ਦੀ ਅਪੀਲ ਕੀਤੀ। ਤਾਲਿਬਾਨ ਨੇ ਸੋਮਵਾਰ ਨੂੰ ਪ੍ਰਤੀਰੋਧ ਦੇ ਆਖਰੀ ਗੜ੍ਹ ਪੰਜਸ਼ੀਰ ਸੂਬੇ ’ਤੇ ਵੀ ਕਬਜ਼ਾ ਕਰਨ ਦਾ ਦਾਅਵਾ ਕੀਤਾ। ਓਧਰ ਪ੍ਰਤੀਰੋਧੀ ਮੋਰਚਾ ਅਤੇ ਤਾਲਿਬਾਨ ਵਿਚਾਲੇ ਪੰਜਸ਼ੀਰ ’ਚ ਭਿਆਨਕ ਜੰਗ ਜਾਰੀ ਹੈ ਅਤੇ ਦੋਹਾਂ ਵਲੋਂ ਭਾਰੀ ਹਥਿਆਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਦਾਰਾ, ਅਵਸ਼ੂਰ ਅਤੇ ਪਰਯਾਨ ’ਚ ਸਖਤ ਸੰਘਰਸ਼ ਚੱਲ ਰਿਹਾ ਹੈ।