ਪਹਿਲੀ ਵਾਰ ਭਾਰਤ ਆਉਣਗੇ ਅਫਗਾਨਿਸਤਾਨ ਦੇ ਤਾਲਿਬਾਨੀ ਮੰਤਰੀ
Thursday, Oct 02, 2025 - 10:43 PM (IST)

ਜਿਨੇਵਾ, (ਭਾਸ਼ਾ)- ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ’ਚ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਤਾਲਿਬਾਨ ਪਾਬੰਦੀ ਕਮੇਟੀ ਨੇ ਹਾਲ ’ਚ ਹੀ ਤਾਲਿਬਾਨ ਨੇਤਾ ’ਤੇ ਲਾਈ ਗਈ ਯਾਤਰਾ ਪਾਬੰਦੀ ’ਚ ਢਿੱਲ ਦੇ ਦਿੱਤੀ ਸੀ।
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮੁੱਤਾਕੀ ’ਤੇ 25 ਜਨਵਰੀ 2001 ਨੂੰ ਵੱਖ-ਵੱਖ ਪਾਬੰਦੀਆਂ ਲਾਈਆਂ ਸਨ। ਪਾਬੰਦੀ ਕਮੇਟੀ ਦੀ ਵੈਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਪ੍ਰਸਤਾਵ 1988 (2011) ਅਨੁਸਾਰ ਸਥਾਪਤ ਸੁਰੱਖਿਆ ਕੌਂਸਲ ਕਮੇਟੀ ਨੇ 30 ਸਤੰਬਰ, 2025 ਨੂੰ ਮੁੱਤਾਕੀ ਨੂੰ ‘9 ਤੋਂ 16 ਅਕਤੂਬਰ, 2025 ਤੱਕ ਨਵੀਂ ਦਿੱਲੀ, ਭਾਰਤ ਦੇ ਦੌਰੇ ਲਈ ਆਗਿਆ ਦੇ ਦਿੱਤੀ।’ ਅਗਸਤ 2021 ’ਚ ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਕਾਬੁਲ ਵੱਲੋਂ ਨਵੀਂ ਦਿੱਲੀ ਦਾ ਇਹ ਪਹਿਲਾ ਮੰਤਰੀ ਪੱਧਰ ਦਾ ਦੌਰਾ ਹੋਵੇਗਾ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੁੱਤਾਕੀ ਨੂੰ ਤਾਲਿਬਾਨ ਦਾ ਇਕ ਪ੍ਰਮੁੱਖ ਮੈਂਬਰ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਤਾਲਿਬਾਨ ਸ਼ਾਸਨ ਦੌਰਾਨ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਵਾਰਤਾ ’ਚ ਤਾਲਿਬਾਨੀ ਨੁਮਾਇੰਦੇ ਵਜੋਂ ਵੀ ਕੰਮ ਕੀਤਾ ਸੀ। ਕਮੇਟੀ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਾਰੇ 15 ਮੈਂਬਰ ਸ਼ਾਮਲ ਹੁੰਦੇ ਹਨ ਅਤੇ ਇਹ ਸਰਬਸੰਮਤੀ ਨਾਲ ਆਪਣਾ ਫ਼ੈਸਲਾ ਲੈਂਦੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵ 1988 ਦੀ ਤਾਲਿਬਾਨ ਪਾਬੰਦੀ ਕਮੇਟੀ ਦਾ ਮੌਜੂਦਾ ਪ੍ਰਧਾਨ ਪਾਕਿਸਤਾਨ ਹੈ। ਇਸ ਸਾਲ ਲਈ ਇਸ ਦੇ ਦੋ ਉਪ-ਪ੍ਰਧਾਨ ਗੁਯਾਨਾ ਅਤੇ ਰੂਸ ਹਨ।