ਤਾਲਿਬਾਨ ਨੇ ਕਾਬੁਲ 'ਚ ਦੂਤਾਵਾਸਾਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਹੋਰ ਖਤਰਾ ਨਾ ਹੋਣ ਦੀ ਕੀਤੀ ਪੁਸ਼ਟੀ
Monday, Aug 16, 2021 - 10:41 AM (IST)
ਕਾਬੁਲ (ਬਿਊਰੋ):: ਤਾਲਿਬਾਨ ਨੇ ਬੀਤੇ ਦਿਨ ਕਾਬੁਲ 'ਤੇ ਕਬਜ਼ਾ ਕਰ ਲਿਆ। ਹੁਣ ਸੱਤਾਧਾਰੀ ਨੇਤਾਵਾਂ ਦੇ ਅਫਗਾਨਿਸਤਾਨ ਛੱਡ ਕੇ ਭੱਜਣ ਮਗਰੋਂ ਅੱਤਵਾਦੀ ਸਮੂਹ ਦੇ ਇਕ ਬੁਲਾਰੇ ਨੇ ਕਿਹਾ ਕਿ ਅਫਗਾਨ ਰਾਜਧਾਨੀ ਵਿਚ ਦੂਤਾਵਾਸਾਂ, ਰਾਜਨੀਤਕ ਮਿਸ਼ਨਾਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਕੋਈ ਖਤਰਾ ਨਹੀਂ ਹੈ, ਇਹ ਵਾਅਦਾ ਕਰਦਿਆਂ ਕਿ ਅੱਤਵਾਦੀ ਸਮੂਹ ਪੂਰੇ ਦੇਸ਼ ਵਿਚ ਸੁਰੱਖਿਆ ਬਣਾਈ ਰੱਖਣਗੇ।
ਸਮਾਚਾਰ ਏਜੰਸੀ ਸ਼ਿਨਹੂਆ ਨੇ ਐਤਵਾਰ ਸ਼ਾਮ ਦੋਹਾ ਵਿਚ ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਬੁਲਾਰੇ ਮੁਹੰਮਦ ਨਈਮ ਦੇ ਹਵਾਲੇ ਨਾਲ ਕਿਹਾ,''ਅਸੀਂ ਕਾਬੁਲ ਦੇ ਸਾਰੇ ਦੂਤਾਵਾਸਾਂ, ਰਾਜਨੀਤਕ ਮਿਸ਼ਨਾਂ, ਸੰਸਥਾਵਾਂ ਅਤੇ ਵਿਦੇਸ਼ੀ ਨਾਗਰਿਕਾਂ ਦੀਆਂ ਰਿਹਾਇਸ਼ਾਂ ਨੂੰ ਭਰੋਸਾ ਦਿੰਦੇ ਹਾਂ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਇਸ ਦੇ ਇਲਾਵਾ ਤਾਲਿਬਾਨ ਨੇ ਕਿਹਾ ਕਿ ਕੋਈ ਅਫਗਾਨ ਦੇਸ਼ ਛੱਡ ਕੇ ਨਾ ਜਾਣ, ਉਹ ਸ਼ਰੀਆ ਕਾਨੂੰਨ ਲਾਗੂ ਕਰਨਗੇ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਾਲਿਬਾਨ ਅੰਦੋਲਨ ਦੀਆਂ ਤਾਕਤਾਂ ਨੂੰ ਕਾਬੁਲ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸੁਰੱਖਿਆ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਐਲਾਨ ਉਦੋਂ ਹੋਇਆ ਜਦੋਂ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਨਾਲ ਭਰਿਆ ਹੋਇਆ ਸੀ ਪਰ ਉਹਨਾਂ ਨੂੰ ਕੋਈ ਜਹਾਜ਼ ਨਹੀਂ ਮਿਲਿਆ। ਇੱਥੇ ਦੱਸ ਦਈਏ ਕਿ ਸੂਬਾਈ ਰਾਜਧਾਨੀ ਸ਼ਹਿਰਾਂ 'ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਨੇ ਐਤਵਾਰ ਸਵੇਰੇ ਕਾਬੁਲ ਵਿਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਪ੍ਰਵਾਸੀਆਂ ਦੀ ਆਮਦ ਵਧੀ
ਤਾਲਿਬਾਨ ਦੇ ਕਬਜ਼ੇ ਦੇ ਬਾਅਦ ਕਾਬੁਲ ਹਵਾਈ ਅੱਡੇ 'ਤੇ ਦੇਸ਼ ਛੱਡਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇੱਥੇ ਹੋਈ ਗੋਲੀਬਾਰੀ ਕਾਰਨ ਭਜਦੜ ਮਚ ਗਈ।ਤਾਲਿਬਾਨ ਦੇ ਤੇਜ਼ੀ ਨਾਲ ਵੱਧਦੇ ਕਦਮਾਂ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਭਾਰਤ ਨੇ ਵੀ ਇੱਥੇ ਮੌਜੂਦ ਆਪਣੇ ਕਰੀਬ 1500 ਨਾਗਰਿਕਾਂ ਨੂੰ ਸਵਦੇਸ਼ ਪਰਤਣ ਸੰਬੰਧੀ ਚਿਤਾਵਨੀ ਜਾਰੀ ਕੀਤੀ ਸੀ। ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਦੀ ਦੇਸ਼ ਛੱਡ ਕੇ ਜਾ ਚੁੱਕੇ ਹਨ।